(Source: ECI/ABP News/ABP Majha)
ਪੰਜਾਬ ਦੀ ਸਿਆਸਤ 'ਚ ਵੱਡੀ ਉਥਲ-ਪੁਥਲ! ਕੇਜਰੀਵਾਲ ਅੱਜ ਪੰਜਾਬ ਪਹੁੰਚ ਕਰਨਗੇ ਵੱਡਾ ਐਲਾਨ
ਕੇਜਰੀਵਾਲ ਪਹਿਲੇ ਦਿਨ ਲੁਧਿਆਣਾ 'ਚ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਦੂਜੇ ਦਿਨ ਉਹ ਉੱਤਰਾਖੰਡ ਅਤੇ ਗੋਆ ਦੀ ਤਰਜ਼ 'ਤੇ ਰੁਜ਼ਗਾਰ ਗਾਰੰਟੀ ਯੋਜਨਾ ਦਾ ਐਲਾਨ ਕਰਨਗੇ।
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਤੇਜ਼ੀ ਨਾਲ ਵੱਡੀ ਉਥਲ-ਪੁਥਲ ਹੋ ਰਹੀ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਵੇਖ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਹਰਕਤ ਵਿੱਚ ਆ ਗਿਆ ਹੈ। ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅੱਜ ਦੋ ਦਿਨੀਂ ਦੌਰੇ ਲਈ ਪੰਜਾਬ ਆ ਰਹੇ ਹਨ। ਇਸ ਦੌਰਾਨ ਉਹ ਵੱਡਾ ਐਲਾਨ ਕਰ ਸਕਦੇ ਹਨ।
ਕੇਜਰੀਵਾਲ ਪਹਿਲੇ ਦਿਨ ਲੁਧਿਆਣਾ 'ਚ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਦੂਜੇ ਦਿਨ ਉਹ ਉੱਤਰਾਖੰਡ ਅਤੇ ਗੋਆ ਦੀ ਤਰਜ਼ 'ਤੇ ਰੁਜ਼ਗਾਰ ਗਾਰੰਟੀ ਯੋਜਨਾ ਦਾ ਐਲਾਨ ਕਰਨਗੇ। ਇਸ ਦੌਰੇ ਬਾਰੇ ਅਧਿਕਾਰਤ ਜਾਣਕਾਰੀ ਸੰਸਦ ਮੈਂਬਰ ਅਤੇ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਿੱਤੀ ਹੈ। ਮਾਨ ਹੁਣ ਤਕ ਪਾਰਟੀ ਵੱਲੋਂ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਤੋਂ ਨਾਰਾਜ਼ ਹਨ।
ਕਾਂਗਰਸ ਵੱਲੋਂ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਤੋਂ ਬਾਅਦ ਕੇਜਰੀਵਾਲ ਦੀ ਇਹ ਪਹਿਲੀ ਫੇਰੀ ਹੈ। ਦੋ ਦਿਨੀਂ ਪੰਜਾਬ ਫੇਰੀ ਦੌਰਾਨ ਚੰਨੀ ਬਾਰੇ ਉਨ੍ਹਾਂ ਦੀ ਪ੍ਰਤੀਕ੍ਰਿਆ ਬਹੁਤ ਮਹੱਤਵਪੂਰਨ ਹੋਵੇਗੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਐਤਵਾਰ ਨੂੰ ਪੰਜਾਬ ਦੌਰਾ ਹੋਣਾ ਸੀ, ਪਰ ਕਿਸਾਨਾਂ ਦੇ ਭਾਰਤ ਬੰਦ ਤੇ ਮੁੱਖ ਮੰਤਰੀ ਚੰਨੀ ਦੇ ਪੰਜਾਬ 'ਚ ਮੰਤਰੀ ਮੰਡਲ ਵਿਸਥਾਰ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੇ ਪੰਜਾਬ ਰਾਜ ਸਹਾਇਕ ਸਕੱਤਰ ਤੇ ਲੁਧਿਆਣਾ ਲੋਕ ਸਭਾ ਦੇ ਇੰਚਾਰਜ ਅਮਨਦੀਪ ਸਿੰਘ ਮੋਹੀ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਲੁਧਿਆਣਾ ਦਾ ਦੌਰਾ ਕਰਨਗੇ। ਇਸ 'ਚ ਕੋਈ ਰੈਲੀ ਨਹੀਂ ਹੋ ਰਹੀ ਹੈ। ਉਹ ਸਿਰਫ਼ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ ਤੇ 2022 ਦੀਆਂ ਚੋਣਾਂ ਲਈ ਪੰਜਾਬ ਦੇ ਲੋਕਾਂ ਨੂੰ ਗਰੰਟੀ ਦੇਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਆ ਰਹੀ ਹੈ ਅਤੇ ਹਾਲ ਹੀ 'ਚ ਕਿਸਾਨ ਪੰਚਾਇਤ ਦੌਰਾਨ ਪਾਰਟੀ ਨੇ ਕਿਸਾਨ ਜੱਥੇਬੰਦੀਆਂ ਨਾਲ ਚੋਣਾਂ ਤਕ ਕੋਈ ਸਿਆਸੀ ਰੈਲੀ ਨਾ ਕਰਨ ਦਾ ਵਾਅਦਾ ਕੀਤਾ ਸੀ, ਜਿਸ 'ਤੇ ਪਾਰਟੀ ਅਜੇ ਵੀ ਖੜ੍ਹੀ ਹੈ। ਇਸ ਦੌਰਾਨ ਉਹ ਸਿਰਫ਼ ਪ੍ਰੈੱਸ ਕਾਨਫ਼ਰੰਸ ਰਾਹੀਂ ਪੰਜਾਬ ਦੇ ਲੋਕਾਂ ਲਈ ਦੂਜੀ ਗਰੰਟੀ ਦਾ ਐਲਾਨ ਕਰਨ ਆ ਰਹੇ ਹਨ।