ਆਸ਼ਾ ਵਰਕਰਾਂ ਨੂੰ ਵੇਤਨ ਲਾਗੂ ਕਰਨ ਦੀ ਵਿਧਾਨ ਸਭਾ 'ਚ ਉਠੀ ਮੰਗ
ਏਬੀਪੀ ਸਾਂਝਾ | 27 Feb 2020 08:17 PM (IST)
-ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਰਾਜ ਵਿੱਚ ਸਿਹਤ ਵਿਭਾਗ ਨੂੰ ਸੇਵਾਵਾਂ ਦੇ ਰਹੀਆਂ
ਆਸ਼ਾ ਵਰਕਰਜ਼ ਨੂੰ ਨਿਗੂਣਾ ਇਨਸੈਂਟਿਵ ਦੇਣ ਦਾ ਵਿਰੋਧ।
-
ਚੰਡੀਗੜ੍ਹ: ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਰਾਜ ਵਿੱਚ ਸਿਹਤ ਵਿਭਾਗ ਨੂੰ ਸੇਵਾਵਾਂ ਦੇ ਰਹੀਆਂ ਆਸ਼ਾ ਵਰਕਰਜ਼ ਨੂੰ ਨਿਗੂਣਾ ਇਨਸੈਂਟਿਵ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਹੋਰ ਰਾਜਾਂ ਦੀ ਤਰਜ਼ ਤੇ ਆਸ਼ਾ ਨੂੰ ਫ਼ਿਕਸ ਵੇਤਨ ਦੇਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਆਸ਼ਾ ਸਾਲ 2008 ਤੋਂ ਹੋਂਦ ਵਿੱਚ ਆਈਆਂ ਹਨ, ਉਦੋਂ ਤੋਂ ਭਰੂਣ ਹੱਤਿਆ, ਮਾਵਾਂ ਅਤੇ ਨਵ ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ, ਬੱਚਿਆਂ ਦਾ ਸੌ ਫ਼ੀਸਦ ਟੀਕਾਕਰਨ, ਸਰਕਾਰੀ ਸੰਸਥਾਵਾਂ ਵਿੱਚ ਜਣੇਪੇ ਕਰਵਾਉਣ, ਔਰਤਾਂ ਨੂੰ ਜਾਗਰੂਕ ਕਰਨਾ ਆਦਿ ਵਿੱਚ ਆਸ਼ਾ ਦਾ ਵੱਡਾ ਯੋਗਦਾਨ ਹੈ। ਪਰੰਤੂ ਸੂਬੇ ਦੀਆਂ 19 ਹਜ਼ਾਰ ਤੋਂ ਵੱਧ ਆਸ਼ਾ ਨੂੰ ਸਰਕਾਰ ਵੱਲੋਂ ਸਿਹਤ ਸਹੂਲਤਾਂ ਘਰ ਘਰ ਪਹੁੰਚਾਉਣ ਤੋਂ ਬਾਅਦ ਵੀ ਸਿਰਫ਼ ਨਿਗੂਣਾ ਇਨਸੈਂਟਿਵ ਦਿਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਸ਼ਾ ਨੂੰ ਹਰਿਆਣਾ, ਦਿੱਲੀ, ਰਾਜਸਥਾਨ ਆਦਿ ਰਾਜਾਂ ਦੀ ਤਰਜ਼ ਤੇ ਪਲਸ ਇਨਸੈਂਟਿਵ ਭੱਤਾ ਫ਼ਿਕਸ ਕੀਤਾ ਜਾਵੇ ਜਾਂ ਡੀਸੀ ਰੇਟ ਮੁਤਾਬਕ ਫ਼ਿਕਸ ਵੇਤਨ ਦਿੱਤਾ ਜਾਵੇ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਮੰਗ ਕਰਦੇ ਕਿਹਾ ਕਿ ਆਸ਼ਾ ਨੂੰ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕਰਕੇ ਲਾਭ ਦਿੱਤਾ ਜਾਵੇ।