ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹੋਰ ਮੰਤਰੀ ਵਿਵਾਦਾਂ ਵਿੱਚ ਘਿਰ ਗਿਆ ਹੈ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਮੁੱਦੇ 'ਤੇ ਵਿਧਾਨ ਸਭਾ ਵਿੱਚ ਵੀ ਗੂੰਜ ਰਹੀ ਪਰ ਕਾਂਗਰਸ ਨੇ ਇਸ ਨੂੰ ਫਾਲਤੂ ਰੌਲਾ ਹੀ ਕਰਾਰ ਦਿੱਤਾ।
ਹੁਣ ਮੰਤਰੀ ਦਾ ਇੱਕ ਆਡਿਓ ਵਾਇਰਲ ਹੋਇਆ ਹੈ ਜਿਸ ਨਾਲ ਮੁਸ਼ਕਲਾਂ ਵਧ ਸਕਦੀਆਂ ਹਨ। ਆਡਿਓ ਵਿੱਚ ਮੰਤਰੀ ਨਗਰ ਸੁਧਾਰ ਟਰੱਸਟ ਦੇ ਈਓ ਰਾਕੇਸ਼ ਗਰਗ ਨਾਲ ਫੋਨ ’ਤੇ ਗੱਲ਼ ਕਰ ਰਹੇ ਹਨ। ਇਸ ਵਿੱਚ ਉਹ ਅਧਿਕਾਰੀ ਨੂੰ ਧਮਕਾਉਂਦੇ ਸੁਣੇ ਜਾ ਰਹੇ ਹਨ। ਆਡੀਓ ਵਿੱਚ ਬੀਆਰਐਸ ਨਗਰ ਵਿੱਚ ਗ੍ਰੀਨ ਬੈਲਟ ਵਿੱਚ ਬਣ ਰਹੀ ਸੜਕ ਸਬੰਧੀ ਗੱਲ ਹੋ ਰਹੀ ਸੀ।
ਮੰਤਰੀ ਆਸ਼ੂ ਅਧਿਕਾਰੀ ਨੂੰ ਕਹਿ ਰਹੇ ਹਨ ਕਿ ਉਸ ਨੂੰ ਜੇ ਹਾਈਕੋਰਟ ਦਾ ਡਰ ਹੈ ਤਾਂ ਛੁੱਟੀ ਲੈ ਕੇ ਘਰ ਬੈਠ ਜਾਏ, ਉਨ੍ਹਾਂ ਦੇ ਹਲਕੇ ਵਿਚ ਉਹ ਕੋਈ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਨਗੇ। ਵਾਇਰਲ ਹੋਈ ਇਸ ਆਡੀਓ ਕਲਿੱਪ ਵਿੱਚ ਬੀਆਰਐਸ ਨਗਰ ਵਿੱਚ ਨਾਜਾਇਜ਼ ਕਬਜ਼ਾ ਕੀਤੀ ਗਈ ਜ਼ਮੀਨ ’ਤੇ ਸੜਕ ਨਾ ਬਣਾਉਣ ਦੀ ਗੱਲ ਹੋ ਰਹੀ ਹੈ।
ਇੱਥੇ ਇੱਕ ਟਰਾਂਸਪੋਰਟਰ ਵੱਲੋਂ ਗਰੀਨ ਬੈਲਟ ਦੀ ਰਜਿਸਟਰੀ ਕਰਵਾਈ ਗਈ ਹੈ ਤੇ ਉਸ ਦੇ ਨਾਲ ਹੀ ਸੜਕ ਹੈ, ਜਿਸ ਦੇ ਪਿੱਛੇ ਕਰੋੜਾਂ ਦੇ ਪਲਾਟ ਹੈ। ਇਨ੍ਹਾਂ ਪਲਾਟਾਂ ਨੂੰ ਵੇਚਣ ਲਈ ਨਗਰ ਸੁਧਾਰ ਟਰੱਸਟ ਨੇ ਇੱਥੇ ਸੜਕ ਬਣਾਉਣੀ ਹੈ, ਪਰ ਮੰਤਰੀ ਆਸ਼ੂ ਦੇ ਨਜ਼ਦੀਕੀ ਮੰਨੇ ਜਾਂਦੇ ਟਰਾਂਸਪੋਰਟ ਕਾਰਨ ਉੱਥੇ ਸੜਕ ਬਣਾਉਣ ਦਾ ਕੰਮ ਰੋਕਿਆ ਜਾ ਰਿਹਾ ਹੈ।
ਇਸ ਨਵੇਂ ਆਡੀਓ ਕੱਲਿਪ ਬਾਰੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਇਸ ਆਡੀਓ ਦੀ ਕੋਈ ਕਾਨੂੰਨੀ ਪ੍ਰਮਾਣਿਕਤਾ ਨਹੀਂ। ਉਹ ਇਸ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ। ਜਿਹੜਾ ਮਾਮਲਾ ਸੀਐਲਯੂ ਦਾ ਹੈ, ਉਸ ਸਬੰਧੀ ਉਹ ਵਿਧਾਨ ਸਭਾ ਵਿੱਚ ਕਹਿ ਚੁੱਕੇ ਹਨ ਕਿ ਸਾਰੀਆਂ ਪਾਰਟੀਆਂ ਦੇ ਸੀਨੀਅਰ ਵਿਧਾਇਕਾਂ ਦੀ ਕਮੇਟੀ ਬਣਾ ਦਿੱਤੀ ਜਾਵੇ ਤੇ ਉਹ ਜਾਂਚ ਕਰ ਲਵੇ। ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
ਉਧਰ, ਮੇਅਰ ਬਲਕਾਰ ਸਿੰਘ ਸੰਧੂ ਵੀ ਮੰਤਰੀ ਆਸ਼ੂ ਦੇ ਹੱਕ ਵਿੱਚ ਨਿੱਤਰੇ। ਉਨ੍ਹਾਂ ਕਿਹਾ ਕਿ ਕਿ ਮੰਤਰੀ ਨਾਲ ਗੱਲਬਾਤ ਦੀ ਆਡੀਓ ਅਫ਼ਸਰਾਂ ਨੇ ਲੀਕ ਕਿਵੇਂ ਕੀਤੀ। ਜੋ ਆਡੀਓ ਕਲਿੱਪ ਲੀਕ ਹੋਏ ਹਨ, ਇਹ ਸਰਵਿਸ ਪ੍ਰੋਟੋਕਾਲ ਤੇ ਸਰਵਿਸ ਰੂਲਜ਼ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਇਹ ਆਡੀਓ ਉਸ ਵੇਲੇ ਲੀਕ ਕੀਤੀ ਗਈ ਹੈ, ਜਦੋਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਇਸ ਤਰੀਕੇ ਨਾਲ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਹੋਵੇਗਾ।