Audio viral of funding: ਲੋਕ ਸਭਾ ਚੋਣਾਂ 2024 ਕਾਫੀ ਹੈਰਾਨ ਕਰਨ ਵਾਲੀਆਂ ਰਹੀਆਂ ਹਨ। ਪੰਜਾਬ ਦੇ ਵਿੱਚ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਹੈ। ਪਰ ਹੁਣ ਪੰਜਾਬ ਦੀਆਂ ਚੋਣਾਂ ਨੂੰ ਲੈ ਇੱਕ ਆਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤਣ ਵਾਲੇ ਸਰਬਜੀਤ ਸਿੰਘ ਖਾਲਸਾ ਦੀ ਵਿਦੇਸ਼ ਤੋਂ ਫੰਡਿੰਗ (funding ) ਸੰਬੰਧੀ ਇੱਕ ਆਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਆਡੀਓ ਦੀ ਏਬੀਪੀ ਸਾਂਝਾ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਆਡੀਓ 'ਚ ਸਰਬਜੀਤ ਸਿੰਘ ਖਾਲਸਾ (Sarabjit Singh Khalsa) 2027 'ਚ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣ ਤੇ ਸਿਆਸਤ 'ਚ ਬਾਦਲ ਪਰਿਵਾਰ ਨੂੰ ਹਰਾਉਣ ਦੀ ਗੱਲ ਕਰਦੇ ਸੁਣਿਆ ਜਾ ਰਿਹਾ ਹੈ। ਇਸ ਆਡੀਓ ਦੇ ਵਿੱਚ ਅਮਰੀਕਾ ਦੇ ਇਕ ਸ਼ਖ਼ਸ ਜੋ ਕਿ ਸਰਬਜੀਤ ਸਿੰਘ ਖਾਲਸਾ ਦੇ ਨਾਲ ਗੱਲ ਕਰਦਾ ਸੁਣਿਆ ਜਾ ਰਿਹਾ ਹੈ।
1.33 ਲੱਖ ਡਾਲਰ ਦਾ ਫੰਡ ਜਮ੍ਹਾ ਹੈ
ਉਕਤ ਵਿਅਕਤੀ ਖਾਲਸਾ ਨੂੰ ਦੱਸਦਾ ਹੈ ਕਿ ਉਸ ਕੋਲ 1.33 ਲੱਖ ਡਾਲਰ ਦਾ ਫੰਡ ਜਮ੍ਹਾ ਹੈ, ਜਿਸ ਵਿਚੋਂ ਉਹ ਵੱਖਵਾਦੀ ਅੰਮ੍ਰਿਤਪਾਲ ਸਿੰਘ, ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੇ ਹੋਰਾਂ ਨੂੰ ਫੰਡ ਦੇਣਾ ਚਾਹੁੰਦਾ ਹੈ।
'ਬਾਦਲ ਪਰਿਵਾਰ ਨੂੰ ਘਰ ਬਿਠਾਉਣਾ ਚਾਹੁੰਦਾ ਹਾਂ'-ਵਾਇਰਲ ਆਡੀਓ
ਆਡੀਓ 'ਚ ਜਦੋਂ ਸ਼ਖ਼ਸ ਖਾਲਸਾ ਨੂੰ ਇਹ ਕਹਿੰਦਾ ਹੈ ਕਿ ਤੁਹਾਨੂੰ ਵੀ ਅੰਮ੍ਰਿਤਪਾਲ ਦੇ ਬਰਾਬਰ ਹੀ ਫੰਡ ਦੇਵੇਗਾ ਤਾਂ ਸਰਬਜੀਤ ਕਹਿੰਦਾ ਹੈ ਕਿ ਜੇ ਹੋ ਸਕੇ ਤਾਂ ਹੋਰ ਫੰਡ ਦਿਓ ਕਿਉਂਕਿ ਮੈਂ ਫਰੀਦਕੋਟ 'ਚ ਜ਼ਮੀਨ ਖਰੀਦ ਕੇ ਘਰ ਬਣਾਉਣਾ ਚਾਹੁੰਦਾ ਹਾਂ। ਮੇਰਾ ਨਿਸ਼ਾਨਾ 2027 ਦੀਆਂ ਚੋਣਾਂ ਹਨ ਤੇ ਹੁਣ ਮੈਂ ਜਿੱਤ ਕੇ ਘਰ ਨਹੀਂ ਬੈਠਣਾ ਚਾਹੁੰਦਾ ਸਗੋਂ ਇੱਥੋਂ ਸਿਸਟਮ ਚਲਾ ਕੇ ਬਾਦਲ ਪਰਿਵਾਰ ਨੂੰ ਘਰ ਬਿਠਾਉਣਾ ਚਾਹੁੰਦਾ ਹਾਂ।
ਗੱਲਬਾਤ 'ਚ ਉਕਤ ਵਿਅਕਤੀ ਖਾਲਸਾ ਨੂੰ ਕਰੀਬ 80 ਲੱਖ ਰੁਪਏ ਦੇਣ ਦੀ ਗੱਲ ਕਰਦਾ ਹੈ। ਇਸ 'ਤੇ ਖਾਲਸਾ ਦਾ ਕਹਿਣਾ ਹੈ ਕਿ ਸਿਮਰਨਜੀਤ ਮਾਨ ਨੇ ਵੀ ਮੇਰੇ ਖਿਲਾਫ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ, ਇਸ ਲਈ ਮੈਨੂੰ ਜ਼ਿਆਦਾ ਸਹਿਯੋਗ ਦਿਓ। ਉਸ ਵਿਅਕਤੀ ਨੇ ਖਾਲਸਾ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਤਕ ਕਰੀਬ 2 ਕਰੋੜ ਰੁਪਏ ਦੇ ਫੰਡ ਭੇਜੇ ਜਾ ਚੁੱਕੇ ਹਨ। ਇਸ ਤੋਂ ਬਾਅਦ ਆਡੀਓ 'ਚ ਫੰਡ ਕੇੈਸ਼ ਭੇਜਣ ਦੀ ਗੱਲ ਸੁਣਾਈ ਦੇ ਰਹੀ ਹੈ।
MP ਸਰਬਜੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਸਫਾਈ
ਜਦੋਂ ਇਸ ਆਡੀਓ ਸਬੰਧੀ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਇਹ ਕਾਲ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਲ 'ਚ ਮੈਂ ਫੰਡ ਨਹੀਂ ਮੰਗਿਆ ਪਰ ਕਾਲ ਕਰਨ ਵਾਲਾ ਮੈਨੂੰ ਫੰਡ ਦੀ ਪੇਸ਼ਕਸ਼ ਕਰ ਰਿਹਾ ਹੈ।
ਕਾਲ ਫਰਜ਼ੀ ਸੀ ਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ - ਸਰਬਜੀਤ ਸਿੰਘ ਖਾਲਸਾ
ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਵੀ ਮੈਂ ਸਮੁੱਚੇ ਭਾਈਚਾਰੇ ਨੂੰ ਫੰਡ ਦਾਨ ਕਰਨ ਦੀ ਅਪੀਲ ਕੀਤੀ ਸੀ ਤੇ ਕਈ ਲੋਕਾਂ ਨੇ ਸਾਡਾ ਸਾਥ ਵੀ ਦਿੱਤਾ ਸੀ । ਪਰ ਉਨ੍ਹਾਂ ਇਸ ਵਾਇਰਲ ਹੋ ਰਹੀ ਆਡੀਓ ਕਾਲ ਨੂੰ ਫਰਜ਼ੀ ਦੱਸਿਆ ਅਤੇ ਕਿਹਾ ਕਿ ਇਹ ਸਖ਼ਸ਼ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਲਸਾ ਨੇ ਕਿਹਾ ਕਿ ਮੈਂ ਫਰੀਦਕੋਟ 'ਚ ਰਹਿ ਕੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੂਰੇ ਜੋਸ਼ ਨਾਲ ਹਿੱਸਾ ਲਵਾਂਗਾ ਅਤੇ ਉਸ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਾਂਗਾ।