ਮੈਲਬਰਨ: ਆਸਟਰੇਲੀਆ 'ਚ ਵੀ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਨਾਲ ਉੱਥੇ ਪੜ੍ਹਾਈ ਤੇ ਕਮਾਈ ਕਰਨ ਗਏ ਪੰਜਾਬੀ ਵੀ ਫਿਕਰਮੰਦ ਹਨ। ਉਨ੍ਹਾਂ ਨੂੰ ਕੋਰੋਨਾ ਦੇ ਡਰ ਨਾਲੋਂ ਰੁਜਗਾਰ ਦੀ ਫਿਕਰ ਸਤਾ ਰਿਹਾ ਹੈ। ਪਿਛਲੇ ਕੁਝ ਦਿਨਾਂ ਅੰਦਰ ਹੀ ਮੁਲਕ ਵਿੱਚ ਕਰੀਬ 2 ਲੱਖ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਨੇ ਦੇਸ਼ ਦੀ ਆਰਥਿਕਤਾ ਨੂੰ ਝੰਬ ਸੁੱਟਿਆ ਹੈ। ਇਸ ਲਈ ਭਵਿੱਖ ਬਾਰੇ ਵੀ ਕੁਝ ਸਪਸ਼ਟ ਦਿਖਾਈ ਨਹੀਂ ਦੇ ਰਿਹਾ। ਇਹ ਹਾਲ ਤਕਰੀਬਨ ਸਾਰੇ ਮੁਲਕਾਂ ਦੀ ਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 3635 ਹੈ ਤੇ 14 ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸੇਵਾਵਾਂ ਨੂੰ ਛੱਡ ਬਹੁਤੇ ਕਾਰੋਬਾਰ ਬੰਦ ਹਨ। ਰੈਸਟੋਰੈਂਟ, ਕੈਫ਼ੇ, ਸ਼ਾਪਿੰਗ ਮਾਲਜ਼, ਰੀਅਲ ਅਸਟੇਟ, ਹੋਟਲ, ਹਵਾਬਾਜ਼ੀ, ਕਰੂਜ਼ ਕੰਪਨੀਆਂ ਤੇ ਹੋਰਾਂ ਨੇ ਪੱਕੇ ਸਟਾਫ਼ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ।

ਉਂਝ ਇਸ ਹਾਲਾਤ ਦਾ ਸ਼ਿਕਾਰ ਪੰਜਾਬੀਆਂ ਨਾਲੋਂ ਵੱਧ ਆਸਟਰੇਲਿਆਈ ਲੋਕਾਂ ਨੂੰ ਹੋਣਾ ਪੈ ਰਿਹਾ ਹੈ। ਦਰਅਸਲ ਆਸਟ੍ਰੇਲਿਆਈ ਲੋਕ ਹਫ਼ਤਾ ਦਰ ਹਫ਼ਤਾ ਜਿੰਨਾ ਕਮਾਉਂਦੇ ਹਨ, ਅਕਸਰ ਉਸੇ ਹਫ਼ਤੇ ਹੀ ਖ਼ਰਚ ਕਰ ਦਿੰਦੇ ਹਨ। ਇਸ ਲਈ ਕੋਈ ਸੇਵਿੰਗ ਨਾ ਹੋਣ ਕਰਕੇ ਹਫਤੇ ਅੰਦਰ ਹੀ ਉਨ੍ਹਾਂ ਕੋਲੋਂ ਦਾਣਾ-ਪਾਣੀ ਮੁੱਕ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਆਰਥਿਕ ਸਹਾਇਤਾ ਲੈਣ ਲਈ ਲੋਕ ਸੈਂਟਰਲਿੰਕ ਦਫ਼ਤਰਾਂ ਵਿਚ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਲੋੜਵੰਦਾਂ ਦੀਆਂ ਭੀੜਾਂ ਦੇ ਮੱਦੇਨਜ਼ਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਫ਼ਤਰ ਆਉਣ ਦੀ ਬਜਾਏ ਆਨਲਾਈਨ ਅਰਜ਼ੀਆਂ ਵੈੱਬਸਾਈਟ ’ਤੇ ਦਾਖ਼ਲ ਕੀਤੀਆਂ ਜਾਣ। ਸੈਂਟਰਲਿੰਕ ਨੇ ਵਿਭਾਗੀ ਕੰਮ ਚਲਾਉਣ ਲਈ 2000 ਨਵੀਆਂ ਅਸਾਮੀਆਂ ’ਤੇ ਭਰਤੀ ਕਰਨ ਬਾਰੇ ਕਿਹਾ ਹੈ।

ਕੁਆਂਟਸ ਏਅਰ ਲਾਈਨ ਦੇ 30,000, ਜੈੱਟ ਏਅਰ ਦੇ 20,000, ਵੱਡੇ ਸ਼ਾਪਿੰਗ ਮਾਲ ਡੇਵਿਡ ਜੌਹਨ-ਮਾਇਅਰ ਦੇ 15,000, ਰੈਂਸਟੋਰੈਂਟ ਤੇ ਹੋਰ ਕਾਰੋਬਾਰਾਂ ਦੇ ਹਜ਼ਾਰਾਂ ਕਾਮੇ ਵਿਹਲੇ ਹੋ ਗਏ ਹਨ। ਸਰਕਾਰ ਨੇ ਬੇਰੁਜ਼ਗਾਰਾਂ, ਬੰਦ ਕਾਰੋਬਾਰਾਂ ਤੇ ਹੋਰ ਲੋੜਵੰਦਾਂ ਲਈ ਆਰਥਿਕ ਪੈਕਜ ਐਲਾਨੇ ਹਨ। ਜ਼ਰੂਰੀ ਸੇਵਾਵਾਂ-ਹਸਪਤਾਲ, ਸਿਹਤ ਸੈਂਟਰ, ਮਰੀਜ਼ਾਂ ਦੀ ਸਾਂਭ-ਸੰਭਾਲ, ਸਫ਼ਾਈ, ਦਵਾਈਆਂ ਦੇ ਸਟੋਰ, ਖੁਰਾਕੀ ਵਸਤਾਂ ਰਾਸ਼ਨ-ਦੁੱਧ ਆਦਿ ਦੀ ਜ਼ਿਆਦਾ ਮੰਗ ਕਰਕੇ ਸਟਾਫ਼ ਦੀ ਘਾਟ ਹੈ। ਕੌਮੀ ਪ੍ਰਚੂਨ ਸਟੋਰ ਵੂਲਵਰਥ ਤੇ ਕੋਲਜ਼ ਨੇ 20000 ਕਾਮੇ ਭਰਤੀ ਕਰਨ ਬਾਰੇ ਕਿਹਾ ਹੈ।