ਚੰਡੀਗੜ੍ਹ: ਪੰਜਾਬ ਦੀ ਪ੍ਰਾਈਵੇਟ ਤੇ ਸਰਕਾਰੀ ਟ੍ਰਾਂਸਪੋਰਟ ਘਾਟੇ ਵਿੱਚ ਜਾ ਰਹੀ ਹੈ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਦਿਨ ਦੁੱਗਣੀ ਰਾਤ ਚੌਗੁਣੀ ਕਰ ਰਹੀਆਂ ਹਨ। ਹੁਣ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਆਪਣੇ ਬੱਸਾਂ ਦੇ ਬੇੜੇ ’ਚ 28 ਹੋਰ ਬੱਸਾਂ ਸ਼ਾਮਲ ਕਰਨ ਜਾ ਰਹੀ ਹੈ। ਇਸ ਨਾਲ ਬਾਦਲਾਂ ਦੀਆਂ ਬੱਸਾਂ ਸਵਾ 200 ਤੋਂ ਟੱਪ ਜਾਣਗੀਆਂ।
ਯਾਦ ਰਹੇ ਪਿਛਲੇ ਸਾਲ ਹੀ ਬਾਦਲ ਪਰਿਵਾਰ ਨੇ 40 ਬੱਸਾਂ ਆਪਣੇ ਬੇੜੇ ’ਚ ਸ਼ਾਮਲ ਕੀਤੀਆਂ ਸੀ। ਅੰਗਰੇਜ਼ੀ ਅਖਬਾਰ 'ਦ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਬਾਦਲ ਪਰਿਵਾਰ ਬੱਸਾਂ ਓਂਕਾਰ ਬੱਸ ਸਰਵਿਸ ਦੀਆਂ ਬੱਸਾਂ ਖਰੀਦ ਰਹੇ ਹਨ। ਓਂਕਾਰ ਬੱਸ ਸਰਵਿਸ ਕੋਲ 28 ਬੱਸ ਪਰਮਿਟ ਹਨ। ਇਸ ਤੋਂ ਇਲਾਵਾ ਬਾਦਲਾਂ ਦੀਆਂ ਕੰਪਨੀਆਂ ਹੋਰ ਬੱਸਾਂ ਖ਼ਰੀਦਣ ਲਈ ਕੁਝ ਹੋਰ ਟਰਾਂਸਪੋਰਟਰਾਂ ਦੇ ਸੰਪਰਕ ’ਚ ਵੀ ਹਨ।
ਓਂਕਾਰ ਬੱਸ ਸੇਵਾ ਦੇ ਮੈਨੇਜਰ ਕਰਨਲ (ਸੇਵਾਮੁਕਤ) ਆਨੰਦ ਸ਼ਾਰਦਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਸਾਂ ਦੀ ਵਿਕਰੀ ਲਈ ਗੱਲਬਾਤ ਅੰਤਮ ਦੌਰ ’ਚ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦਾ ਕਾਰੋਬਾਰ ਹੁਣ ਮੁਨਾਫ਼ੇ ਦਾ ਸੌਦਾ ਨਹੀਂ ਰਿਹਾ ਪਰ ਉਧਰ ਬਾਦਲ ਪਰਿਵਾਰ ਦੀਆਂ ਬੱਸਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2014 ’ਚ ਉਨ੍ਹਾਂ ਕੋਲ 60 ਬੱਸਾਂ ਸਨ ਪਰ ਹੁਣ 200 ਤੋਂ ਵੱਧ ਬੱਸਾਂ ਹੋ ਗਈਆਂ ਹਨ।