ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਮੰਨਿਆ ਹੈ ਕਿ ਜਿੰਮ ਤੇ ਹੈਲਥ ਕਲੱਬ ਬਿਨਾਂ ਕਿਸੇ ਲਾਇਸੈਂਸ ਤੋਂ ਫੂਡ ਸਪਲੀਮੈਂਟ ਤੇ ਹੋਰ ਪਾਬੰਦੀਸ਼ੁਦਾ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜਦੋਂ ਸਰਕਾਰ ਖੁਦ ਮੰਨ ਰਹੀ ਹੈ ਕਿ ਜਿੰਮ ਤੇ ਹੈਲਥ ਕਲੱਬਾਂ 'ਚ ਅਜਿਹਾ ਹੋ ਰਿਹਾ ਹੈ ਤਾਂ ਫਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਅਦਾਲਤ ਨੇ ਪੰਜਾਬ ਸਰਕਾਰ ਤੋਂ 6 ਮਈ ਤੱਕ ਕਾਰਵਾਈ ਰਿਪੋਰਟ ਮੰਗੀ ਹੈ।


ਲੁਧਿਆਣਾ ਦੇ ਵਸਨੀਕ ਰਵੀ ਕੁਮਾਰ ਨੇ ਐਡਵੋਕੇਟ ਮਹਿੰਦਰ ਕੁਮਾਰ ਰਾਹੀਂ ਪਟੀਸ਼ਨ ਦਾਇਰ ਕਰਦਿਆਂ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਜਿੰਮ ਤੇ ਹੈਲਥ ਕਲੱਬ ਸਿਖਲਾਈ ਲਈ ਆਉਣ ਵਾਲਿਆਂ ਨੂੰ ਫੂਡ ਸਪਲੀਮੈਂਟ ਅਤੇ ਕੁਝ ਹੋਰ ਦਵਾਈਆਂ ਮੁਹੱਈਆ ਕਰਵਾਉਂਦੇ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਦਾ ਸੇਵਨ ਕਰਨ ਨਾਲ ਬਾਡੀ ਬਿਲਡਿੰਗ ਵਿੱਚ ਮਦਦ ਮਿਲਦੀ ਹੈ। ਜਦੋਂਕਿ ਜਿੰਮ ਤੇ ਇਨ੍ਹਾਂ ਹੈਲਥ ਕਲੱਬਾਂ ਕੋਲ ਇਹ ਦਵਾਈਆਂ ਦੇਣ ਦਾ ਲਾਇਸੈਂਸ ਨਹੀਂ ਹੈ। ਇਨ੍ਹਾਂ ਦਵਾਈਆਂ ਨੂੰ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਕੀਤਾ ਜਾਂਦਾ। ਦਵਾਈਆਂ ਬਿਨਾਂ ਲਾਇਸੈਂਸ ਤੇ ਪਰਚੀ ਤੋਂ ਬਿਨਾਂ ਦਿੱਤੀਆਂ ਜਾਂਦੀਆਂ ਹਨ।

ਪਟੀਸ਼ਨਕਰਤਾ ਵੱਲੋਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਜਿੰਮ ਦੇ ਟ੍ਰੇਨਰ ਤੇ ਮਾਲਕਾਂ ਵੱਲੋਂ ਕਈ ਪਾਬੰਦੀਸ਼ੁਦਾ ਦਵਾਈਆਂ ਵੀ ਵੇਚੀਆਂ ਜਾ ਰਹੀਆਂ ਹਨ। ਅਮਰੀਕਾ, ਯੂਰਪ ਸਮੇਤ ਕਈ ਦੇਸ਼ਾਂ 'ਚ ਕੁਝ ਦਵਾਈਆਂ 'ਤੇ ਪਾਬੰਦੀ ਲਗਾਈ ਗਈ ਹੈ। ਪਟੀਸ਼ਨਰ ਨੂੰ ਇੱਕ ਡਾਕਟਰ ਵੱਲੋਂ ਦੱਸਿਆ ਗਿਆ ਸੀ ਕਿ ਇਹ ਦਵਾਈਆਂ ਘੋੜਿਆਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਮਨੁੱਖਾਂ 'ਤੇ ਵਰਤੋਂ ਦੀ ਸਖ਼ਤ ਮਨਾਹੀ ਹੈ। ਇਸ ਦੇ ਬਾਵਜੂਦ ਇਹ ਦਵਾਈਆਂ ਜਿੰਮ ਤੇ ਹੈਲਥ ਕਲੱਬਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਇਸ ਸਭ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ।

ਸਰਕਾਰ ਨੇ ਹਲਫ਼ਨਾਮੇ ਵਿੱਚ ਮੰਨਿਆ ਹੈ ਕਿ ਜਾਂਚ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਇਹ ਦਵਾਈਆਂ ਜਿੰਮ ਵਿੱਚ ਆਉਣ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਨੂੰ ਵਿਕਰੀ ਲਈ ਪ੍ਰਦਰਸ਼ਿਤ ਨਹੀਂ ਕੀਤਾ ਜਾਂਦਾ। ਹਾਈ ਕੋਰਟ ਨੇ ਕਿਹਾ ਕਿ ਹਲਫ਼ਨਾਮਾ ਕਾਰਵਾਈ ਬਾਰੇ ਚੁੱਪ ਹੈ, ਇਸ ਲਈ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਈ ਕੋਰਟ ਨੇ ਹੁਣ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਤੇ ਫੂਡ ਐਂਡ ਡਰੱਗਜ਼ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ 6 ਮਈ ਤੱਕ ਇਸ ਦੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਸਟੀਰੌਇਡ ਦੀ ਜ਼ਿਆਦਾ ਵਰਤੋਂ ਹਾਰਮੋਨਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਨਪੁੰਸਕਤਾ ਦਾ ਖਤਰਾ ਰਹਿੰਦਾ ਹੈ। ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਸਿਰਦਰਦ, ਹਾਈ ਬਲੱਡ ਪ੍ਰੈਸ਼ਰ ਤੇ ਭਵਿੱਖ ਵਿੱਚ ਸ਼ੂਗਰ ਦਾ ਖਤਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰਨ ਨਾਲ ਕਿਡਨੀ ਫੇਲ੍ਹ ਹੋ ਸਕਦੀ ਹੈ ਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਇੱਕ ਆਮ ਵਿਅਕਤੀ ਨੂੰ ਆਪਣੇ ਇੱਕ ਕਿਲੋਗ੍ਰਾਮ ਭਾਰ ਲਈ ਇੱਕ ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਯਾਨੀ 70 ਕਿਲੋਗ੍ਰਾਮ ਭਾਰ ਵਾਲੇ ਵਿਅਕਤੀ ਨੂੰ ਇੱਕ ਦਿਨ ਵਿੱਚ 70 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।