ਬਟਾਲਾ ਧਮਾਕੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਸਾਹਮਣੇ ਆਇਆ ਫੈਕਟਰੀ ਮਾਲਕ ਦੀ ਹਲਫ਼ਨਾਮਾ
ਇੱਕ ਹਲਫਨਾਮਾ ਸਾਹਮਣੇ ਆਇਆ ਹੈ ਜਿਸ ਵਿੱਚ ਮ੍ਰਿਤਕ ਫੈਕਟਰੀ ਮਾਲਕ ਜਸਪਾਲ ਸਿੰਘ ਵੱਲੋਂ 2017 ਵਿੱਚ ਇਸੇ ਫੈਕਟਰੀ ਵਿੱਚ ਹੋਏ ਹਾਦਸੇ ਬਾਅਦ ਮੁਹੱਲਾ ਵਾਸੀਆਂ ਨਾਲ ਕਰਾਰ ਕੀਤਾ ਗਿਆ ਸੀ ਕਿ ਉਹ ਇੱਥੋਂ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਣਗੇ।
ਗੁਰਦਾਸਪੁਰ: ਬੀਤੇ ਦਿਨੀਂ ਬਟਾਲਾ ਦੀ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ 23 ਜਣਿਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਦਰਅਸਲ ਇੱਕ ਹਲਫਨਾਮਾ ਸਾਹਮਣੇ ਆਇਆ ਹੈ ਜਿਸ ਵਿੱਚ ਮ੍ਰਿਤਕ ਫੈਕਟਰੀ ਮਾਲਕ ਜਸਪਾਲ ਸਿੰਘ ਵੱਲੋਂ 2017 ਵਿੱਚ ਇਸੇ ਫੈਕਟਰੀ ਵਿੱਚ ਹੋਏ ਹਾਦਸੇ ਬਾਅਦ ਮੁਹੱਲਾ ਵਾਸੀਆਂ ਨਾਲ ਕਰਾਰ ਕੀਤਾ ਗਿਆ ਸੀ ਕਿ ਉਹ ਇੱਥੋਂ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਣਗੇ।
ਹਲਫ਼ਨਾਮੇ ਮੁਤਾਬਕ ਤਾਂ ਫੈਕਟਰੀ ਦਾ ਕੰਮ ਬੰਦ ਹੋ ਜਾਣਾ ਚਾਹੀਦਾ ਸੀ ਪਰ ਅੱਜ ਦੇ ਹਾਲਾਤ ਕੁਝ ਹੋਰ ਬਿਆਨ ਕਰ ਰਹੇ ਹਨ। ਸਾਫ ਹੈ ਕਿ ਮ੍ਰਿਤਕ ਫੈਕਟਰੀ ਮਾਲਕ ਨੇ ਹਲਫ਼ਨਾਮੇ ਨੂੰ ਦਰਕਿਨਾਰ ਕਰਦਿਆਂ ਲੋਕਾਂ ਨਾਲ ਕੀਤੇ ਕਰਾਰ ਨੂੰ ਪਾਸੇ ਕਰ ਦਿੱਤਾ ਤੇ ਧੜੱਲੇ ਨਾਲ ਪਟਾਕੇ ਬਣਾਉਣ ਦਾ ਕੰਮ ਜਾਰੀ ਰੱਖਿਆ। ਫੈਕਟਰੀ ਮਾਲਕ, ਪ੍ਰਸ਼ਾਸਨ ਤੇ ਲੋਕਾਂ ਦੀ ਇਸੇ ਅਣਗਹਿਲੀ ਕਰਕੇ ਅੱਜ 23 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਹਾਲਾਂਕਿ ਇਸ ਕਰਾਰਨਾਮੇ 'ਤੇ ਹਸਤਾਖ਼ਰ ਕਰਨ ਵਾਲੇ ਲੋਕ ਸਾਹਮਣੇ ਨਹੀਂ ਆ ਰਹੇ ਪਰ ਹਾਲੀਆ ਹਾਦਸੇ ਵਿੱਚ ਆਪਣੇ ਪਰਿਵਾਰਕ ਮੈਂਬਰ ਗਵਾਉਣ ਵਾਲੇ ਬਾਕੀ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਫੈਕਟਰੀ ਮਾਲਕ ਵੱਲੋਂ ਲੋਕਾਂ ਨਾਲ ਲਿਖਤ ਵਿੱਚ ਸਮਝੌਤਾ ਕੀਤੇ ਜਾਣ ਦੇ ਬਾਵਜੂਦ ਫੈਕਟਰੀ ਦਾ ਕੰਮ ਬੰਦ ਨਹੀਂ ਕੀਤਾ ਗਿਆ।
ਦੱਸ ਦੇਈਏ ਕੱਲ੍ਹ ਹਾਦਸੇ ਵਿੱਚ ਜ਼ਖ਼ਮੀ ਹੋਏ ਪੀੜਤਾਂ ਦਾ ਹਾਲ ਜਾਣਨ ਹਸਪਤਾਲ ਪਹੁੰਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਮਵਾਰ ਤੋਂ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਹੋ ਜਾਏਗੀ ਤੇ ਇਸ ਨੂੰ 2 ਹਫ਼ਤਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ।