ਬਠਿੰਡਾ ਆ ਰਹੇ 3 ਫ਼ੌਜੀ ਜਵਾਨ ਸੜਕ ਹਾਦਸੇ ’ਚ ਜਿਊਂਦੇ ਸੜੇ
ਬਠਿੰਡਾ ਸਥਿਤ ਫ਼ੌਜੀ ਯੂਨਿਟ ਦੇ 8 ਫ਼ੌਜੀ ਜਵਾਨ ਸੂਰਤਗੜ੍ਹ ਤੋਂ ਜਿਪਸੀ ’ਚ ਰਵਾਨਾ ਹੋਏ ਸਨ ਕਿ ਰਾਹ ਵਿੱਚ ਭਾਣਾ ਵਰਤ ਗਿਆ। ਮੌਕੇ ਤੋਂ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਸ੍ਰੀਗੰਗਾਨਗਰ (ਰਾਜਸਥਾਨ): ਅੱਜ ਵੀਰਵਾਰ ਵੱਡੇ ਤੜਕੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਫ਼ੌਜੀ ਜਵਾਨ ਜਿਊਂਦੇ ਸੜ ਗਏ। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ’ਚ ਰਜ਼ੀਆਸਰ-ਛਤਰਗੜ੍ਹ ਸੜਕ ਉੱਤੇ ਇੱਕ ਜਿਪਸੀ ਵੈਨ ਪਲਟ ਗਈ ਤੇ ਇਸੇ ਦੌਰਾਨ ਉਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ’ਚ ਪੰਜ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸਥਿਤ ਫ਼ੌਜੀ ਯੂਨਿਟ ਦੇ 8 ਫ਼ੌਜੀ ਜਵਾਨ ਸੂਰਤਗੜ੍ਹ ਤੋਂ ਜਿਪਸੀ ’ਚ ਰਵਾਨਾ ਹੋਏ ਸਨ ਕਿ ਰਾਹ ਵਿੱਚ ਭਾਣਾ ਵਰਤ ਗਿਆ। ਮੌਕੇ ਤੋਂ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜ਼ਖ਼ਮੀਆਂ ਨੂੰ ਸੂਰਤਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਰਜ਼ੀਆਸਰ ਪੁਲਿਸ ਥਾਣੇ ਦੇ ਇੰਚਾਰਜ ਵਿਕਰਮ ਤਿਵਾੜੀ ਨੇ ਦੱਸਿਆ ਕਿ ਇਹ ਹਾਦਸਾ ਰਜ਼ੀਆਸਰ–ਛਤਰਗੜ੍ਹ ਸੜਕ ਉੱਤੇ ਇੰਦਰਾ ਗਾਂਧੀ ਨਹਿਰ ਦੀ ਬੁਰਜੀ ਨੰਬਰ 330 ਨੇੜੇ ਰਾਤੀਂ 1:30 ਵਜੇ ਵਾਪਰਿਆ। ਵਾਹਨ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ਤੇ ਸੜਕ ਕੰਢੇ ਲੱਗੇ ਇੱਕ ਰੁੱਖ ਨਾਲ ਜਾ ਟਕਰਾਇਆ। ਉੱਥੇ ਜਿਪਸੀ ਨੂੰ ਅੱਗ ਲੱਗ ਗਈ ਤੇ ਉੱਥੇ ਮੌਜੂਦ ਝਾੜੀਆਂ ਨੇ ਵੀ ਤੁਰੰਤ ਅੱਗ ਫੜ ਲਈ। ਫ਼ੌਜੀ ਜਵਾਨਾਂ ਨੂੰ ਬਾਹਰ ਨਿੱਕਲਣ ਦਾ ਕੋਈ ਮੌਕਾ ਨਾ ਮਿਲ ਸਕਿਆ।
ਅੱਗ ਦੀਆਂ ਉੱਚੀਆਂ ਲਾਟਾਂ ਵੇਖ ਕੇ ਲੋਕ ਘਟਨਾ ਸਥਾਨ ਉੱਤੇ ਪੁੱਜੇ ਤੇ ਪੰਜ ਜਵਾਨਾਂ ਨੂੰ ਬਚਾ ਲਿਆ ਪਰ ਤਿੰਨ ਜਵਾਨ ਤਦ ਤੱਕ ਬੁਰੀ ਤਰ੍ਹਾਂ ਅੱਗ ਦੀ ਲਪੇਟ ’ਚ ਆ ਚੁੱਕੇ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਸੂਬੇਦਾਰ ਏ. ਮਾਮਜਰ, ਦੋ ਹੌਲਦਾਰਾਂ ਦੇਵ ਕੁਮਾਰ ਤੇ ਐੱਸਕੇ ਸ਼ੁਕਲਾ ਵਜੋਂ ਹੋਈ ਹੈ।
35 ਸਾਲਾ ਐੱਸਕੇ ਪਰਜਾਪਤੀ, 34 ਸਾਲਾ ਅੰਕਿਤ ਵਾਜਪੇਈ, 27 ਸਾਲਾ ਉਮੇਸ਼ ਯਾਦਵ, 28 ਸਾਲਾ ਅਸ਼ੋਕ ਓਝਾ ਤੇ 27 ਸਾਲਾ ਭੰਵਰ ਲਾਲ ਬਬਲੂ ਜ਼ਖ਼ਮੀ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੁਰਘਟਨਾ ਦੀ ਖ਼ਬਰ ਮਿਲਦਿਆਂ ਹੀ ਕੁਝ ਫ਼ੌਜੀ ਅਧਿਕਾਰੀ ਵੀ ਤੁਰੰਤ ਘਟਨਾ ਸਥਾਨ ਉੱਤੇ ਪੁੱਜੇ।