ਬਾਦਲਾਂ ਦੇ ਗੜ੍ਹ 'ਚ 558 ਬਿਜਲੀ ਟ੍ਰਾਂਸਫ਼ਾਰਮਰ ਚੋਰੀ
PSPCL ਦੇ ਬਾਦਲ ਡਿਵੀਜ਼ਨ ਦੇ ਐਡੀਸ਼ਨਲ ਸੁਪਰਇੰਟੈਂਡਿੰਗ ਇੰਜੀਨੀਅਰ ਸੰਜੇ ਸਿੰਗਲਾ ਨੇ ਦੱਸਿਆ ਕਿ ਹਰੇਕ ਟ੍ਰਾਸਫ਼ਾਰਮਰ ਚੋਰੀ ਦੀ ਬਾਕਾਇਦਾ ਐੱਫ਼ਆਈਆਰ ਦਰਜ ਕਰਵਾਈ ਜਾਂਦੀ ਹੈ।
ਸ੍ਰੀ ਮੁਕਤਸਰ ਸਾਹਿਬ: ਪਿਛਲੇ 10 ਸਾਲਾਂ ਦੌਰਾਨ ਬਾਦਲ ਡਿਵੀਜ਼ਨ ’ਚ ਬਿਜਲੀ ਦੇ 558 ਟ੍ਰਾਂਸਫ਼ਾਰਮਰ ਚੋਰੀ ਹੋ ਚੁੱਕੇ ਹਨ। ਜੇ ਥੋੜ੍ਹਾ ਹਿਸਾਬ ਲਾਈਏ, ਤਾਂ ਹਰ ਹਫ਼ਤੇ ਇੱਕ ਟ੍ਰਾਂਸਫ਼ਾਰਮਰ ਇਸ ਡਿਵੀਜ਼ਨ ’ਚ ਚੋਰੀ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ‘ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ’ (PSPCL) ਨੂੰ ਚੋਰੀ ਹੋਇਆ ਇੱਕ ਵੀ ਟ੍ਰਾਂਸਫ਼ਾਰਮਰ ਵਾਪਸ ਨਹੀਂ ਮਿਲ ਸਕਿਆ। ਦਰਅਸਲ, ਚੋਰ ਆਮ ਤੌਰ ਉੱਤੇ ਟ੍ਰਾਂਸਫ਼ਾਰਮਰ ਚੋਰੀ ਕਰ ਕੇ ਤੁਰੰਤ ਉਸ ਨੂੰ ਤੋੜ ਕੇ ਉਸ ਦਾ ਤਾਂਬਾ ਵੱਖਰਾ ਵੇਚ ਦਿੰਦੇ ਹਨ ਤੇ ਉਸ ਦਾ ਤੇਲ ਵੱਖਰਾ।
ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਹਾਸਲ ਕੀਤੀ ਜਾਣਕਾਰੀ ਅਨੁਸਾਰ 479 ਟ੍ਰਾਂਸਫ਼ਾਰਮਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਆਉਂਦੇ ਖੇਤਰ ’ਚੋਂ ਤੇ 79 ਬਠਿੰਡਾ ਖੇਤਰ ’ਚੋਂ ਚੋਰੀ ਹੋਏ ਹਨ। 10KV ਦੇ ਇੱਕ ਟ੍ਰਾਂਸਫ਼ਰਮਰ ਦੀ ਕੀਮਤ 40,000 ਰੁਪਏ ਹੈ ਤੇ ਇੰਝ ਇੱਕ ਦਹਾਕੇ ਦੌਰਾਨ ਇਕੱਲੇ ਇਸ ਇਲਾਕੇ ’ਚ ਹੀ 2 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
PSPCL ਦੇ ਬਾਦਲ ਡਿਵੀਜ਼ਨ ਦੇ ਐਡੀਸ਼ਨਲ ਸੁਪਰਇੰਟੈਂਡਿੰਗ ਇੰਜੀਨੀਅਰ ਸੰਜੇ ਸਿੰਗਲਾ ਨੇ ਦੱਸਿਆ ਕਿ ਹਰੇਕ ਟ੍ਰਾਸਫ਼ਾਰਮਰ ਚੋਰੀ ਦੀ ਬਾਕਾਇਦਾ ਐੱਫ਼ਆਈਆਰ ਦਰਜ ਕਰਵਾਈ ਜਾਂਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਟ੍ਰਾਂਸਫ਼ਾਰਮਰ ਚੋਰੀਆਂ ਵਿਰੁੱਧ ਕਿਸਾਨ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਹਨ।
ਕੁਝ ਕਿਸਾਨਾਂ ਨੇ ਦੱਸਿਆ ਕਿ ਸਰਦੀਆਂ ਦੀਆਂ ਧੁੰਦਾਂ ਵਾਲੀਆਂ ਰਾਤਾਂ ਨੂੰ ਟ੍ਰਾਂਸਫ਼ਾਰਮਰਜ਼ ਦੀਆਂ ਚੋਰੀਆਂ ਕੁਝ ਵਧ ਜਾਂਦੀਆਂ ਹਨ। ਜ਼ਿਆਦਾਤਰ ਟ੍ਰਾਂਸਫ਼ਾਰਮਰ ਖੇਤਾਂ ’ਚ ਹੀ ਲੱਗੇ ਹੁੰਦੇ ਹਨ ਤੇ ਰਾਤਾਂ ਨੂੰ ਤਦ ਖੇਤਾਂ ’ਚ ਕੋਈ ਨਹੀਂ ਹੁੰਦਾ; ਇਸੇ ਦਾ ਲਾਹਾ ਚੋਰ ਲੈਂਦੇ ਹਨ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਬਾੜ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਆਖਿਆ ਹੋਇਆ ਹੈ ਕਿ ਜੇ ਕੋਈ ਵੀ ਉਨ੍ਹਾਂ ਕੋਲ ਟ੍ਰਾਂਸਫ਼ਾਰਮਰ ਜਾਂ ਉਸ ਦਾ ਕੋਈ ਪੁਰਜ਼ਾ ਵੇਚਣ ਲਈ ਆਵੇ, ਤਾਂ ਉਹ ਤੁਰੰਤ ਉਸ ਬਾਰੇ ਸੂਚਿਤ ਕਰਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :