Bathinda News: ਡਾਕਟਰਾਂ ਦੀ ਲਾਪਰਵਾਹੀ ਕਰਕੇ ਮਹਿਲਾ ਦੀ ਹੋਈ ਮੌਤ, ਪਰਿਵਾਰ ਮੰਗ ਰਿਹਾ ਇਨਸਾਫ਼
ਪੀੜਤ ਪਰਿਵਾਰ ਦਾ ਕਹਿਣੈ ਕਿ ਮਹਿਲਾ ਦੀ ਮੌਤ ਡਾਕਟਰਾਂ ਵੱਲੋਂ ਅਪਰੇਸ਼ਨ ਦੌਰਾਨ ਵਰਤੀ ਗਈ ਲਾਪਰਵਾਹੀ ਕਰਕੇ ਹੋਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮਹਿਲਾ ਦੀ ਲਾਸ਼ ਨੂੰ ਡੀਸੀ ਦਫ਼ਤਰ ਸਾਹਮਣੇ ਐਂਬੂਲੈਂਸ `ਚ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ
ਬਠਿੰਡਾ: ਬਠਿੰਡਾ ਦੇ ਸਿਵਲ ਹਸਪਤਾਲ `ਚ ਕਥਿਤ ਤੌਰ `ਤੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਗਰਭਵਤੀ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ ਇਹ ਮਹਿਲਾ ਤਲਵੰਡੀ ਸਾਬੋ ਦੀ ਰਹਿਣ ਵਾਲੀ ਸੀ ਤੇ ਗਰਭਵਤੀ ਸੀ। ਉਸ ਦਾ ਤਲਵੰਡੀ ਸਾਬੋ ਦੇ ਹਸਪਤਾਲ `ਚ ਇਲਾਜ ਚੱਲ ਰਿਹਾ ਸੀ, ਪਰ ਉਸ ਦੀ ਖਰਾਬ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਜਿੱਥੇ ਅਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ।
ਉੱਧਰ, ਪੀੜਤ ਪਰਿਵਾਰ ਦਾ ਕਹਿਣੈ ਕਿ ਮਹਿਲਾ ਦੀ ਮੌਤ ਡਾਕਟਰਾਂ ਵੱਲੋਂ ਅਪਰੇਸ਼ਨ ਦੌਰਾਨ ਵਰਤੀ ਗਈ ਲਾਪਰਵਾਹੀ ਕਰਕੇ ਹੋਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮਹਿਲਾ ਦੀ ਲਾਸ਼ ਨੂੰ ਡੀਸੀ ਦਫ਼ਤਰ ਸਾਹਮਣੇ ਐਂਬੂਲੈਂਸ `ਚ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਇਨਸਾਫ਼ ਦੀ ਮੰਗ ਕੀਤੀ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨ `ਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਸਰੀਰ `ਚ ਖੂਨ ਦੀ ਘਾਟ ਸੀ। ਉਸ ਦਾ ਕੇਸ ਕੰਪਲੀਕੇਟਿਡ ਸੀ। ਤਲਵੰਡੀ ਸਾਬੋ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਰੈਫ਼ਰ ਕਰ ਦਿਤਾ। ਜਿੱਥੇ ਉਸ ਦਾ ਅਪਰੇਸ਼ਨ ਕੀਤਾ ਗਿਆ। ਹਾਲਾਂਕਿ ਅਪਰੇਸ਼ਨ ਦੌਰਾਨ ਉਸ ਨੂੰ ਲੜਕਾ ਹੋਇਆ, ਪਰ ਡਾਕਟਰਾਂ ਨੇ ਅਪਰੇਸ਼ਨ ਦੌਰਾਨ ਲਾਪਰਵਾਹੀ ਵਰਤੀ ਅਤੇ ਮਹਿਲਾ ਦੇ ਸਰੀਰ ਅੰਦਰ ਅਪਰੇਸ਼ਨ ਦਾ ਔਜ਼ਾਰ ਛੱਡ ਦਿਤਾ। ਇਸ ਤੋਂ ਬਾਅਦ ਉਸ ਦੇ ਸਰੀਰ `ਚ ਇਨਫ਼ੈਕਸ਼ਨ ਫ਼ੈਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਤੋਂ ਮ੍ਰਿਤਕਾ ਦਾ ਪਰਿਵਾਰ ਇਨਸਾਫ਼ ਲਈ ਡੀਸੀ ਦਫ਼ਤਰ ਬਾਹਰ ਧਰਨਾ ਲਗਾ ਕੇ ਬੈਠ ਗਿਆ। ਇਸ ਦੌਰਾਨ ਪਰਿਵਾਰ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦੀ ਧੀ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਇਸ ਦੇ ਨਾਲ ਹੀ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਗ਼ਰੀਬ ਹਨ। ਉਨ੍ਹਾਂ ਨੇ ਪਿੰਡ ਵਾਲਿਆਂ ਤੋਂ ਪੈਸੇ ੳੇੁਧਾਰ ਲੈਕੇ ਕੁੜੀ ਨੂੰ ਹਸਪਤਾਲ ਦਾਖਲ ਕਰਾਇਆ ਸੀ।
ਕਾਬਿਲੇਗ਼ੌਰ ਹੈ ਕਿ ਆਏ ਦਿਨ ਸਰਕਾਰ ਹਸਪਤਾਲਾਂ `ਚ ਡਾਕਟਰਾਂ ਵੱਲੋਂ ਲਾਪਰਵਾਹੀ ਵਰਤਣ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ। ਕਈ ਵਾਰ ਤਾਂ ਮਰੀਜ਼ਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਜਾਂਦੀ ਹੈ।