ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਜਿਵੇਂ ਹੀ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਤਾਂ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਲੱਖਾਂ ਰੁਪਏ ਤੇ ਦਰੱਖਤਾਂ ਦੀ ਬੱਚਤ ਹੋਵੇਗੀ।


ਦੂਜੇ ਪਾਸੇ ਇੱਕ ਆਰਟੀਆਈ ਵਿੱਚ ਜੋ ਖੁਲਾਸਾ ਹੋਇਆ ਹੈ, ਉਸ ਅਨੁਸਾਰ ਸਰਕਾਰ ਨੇ ਤਾਂ 42 ਲੱਖ ਰੁਪਏ ਤੋਂ ਵੱਧ ਰੁਪਏ ਬਜਟ ਬਾਰੇ ਸਿਰਫ਼ ਲੋਕਾਂ ਦੇ ਸੁਝਾਅ ਲੈਣ ਲਈ ਖਰਚ ਕੀਤੇ ਹਨ। ਅਹਿਮ ਗੱਲ ਹੈ ਕਿ ਜਿਨ੍ਹਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ, ਉਨ੍ਹਾਂ ਵਿੱਚ ਹਿਮਾਚਲ ਦੇ ਅਖ਼ਬਾਰ ਵੀ ਸ਼ਾਮਲ ਹਨ। ਸਵਾਲ ਉੱਠ ਰਹੇ ਹਨ ਕਿ ਪੰਜਾਬ ਦੇ ਬਜਟ ਦਾ ਹਿਮਾਚਲ ਵਿੱਚ ਪ੍ਰਚਾਰ ਕਿਉਂ ਕੀਤਾ ਗਿਆ।


ਇਸ ਲਈ ਹੁਣ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਦੇ ਬਜਟ ਲਈ ਹਿਮਾਚਲ ਦੇ ਲੋਕਾਂ ਤੋਂ ਵੀ ਸੁਝਾਅ ਮੰਗੇ ਗਏ ਸਨ?ਮਾਨਸਾ ਵਾਸੀ ਮਾਣਿਕ​ਗੋਇਲ ਨੇ ਇਹ ਆਰਟੀਆਈ ਪਾ ਕੇ ਜਾਣਕਾਰੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਇੱਕ ਪਾਸੇ ਬਜਟ ਪੇਪਰ ਰਹਿਤ ਹੋਣ ਦੀ ਗੱਲ ਚੱਲ ਰਹੀ ਹੈ, ਪਰ ਇਸ ਦੇ ਬਾਵਜੂਦ ਐਪ ਬਣ ਗਈ, ਫਿਰ ਵੀ ਕਾਗਜ਼ਾਂ 'ਤੇ ਬਜਟ ਵੀ ਛਪ ਗਿਆ। ਇਸ ਦੀ ਕਾਪੀ ਕੱਲ੍ਹ ਰਾਜਾ ਵੜਿੰਗ ਵੱਲੋਂ ਦਿਖਾਈ ਜਾ ਰਹੀ ਹੈ।


 


ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਪੰਜਾਬ ਸਰਕਾਰ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਦਾ ਸਾਰਾ ਖਰਚ ਚੁੱਕਣ ਲਈ ਤਿਆਰ


ਚੰਡੀਗੜ੍ਹ: ਸਿੱਖਿਆ ਮੰਤਰੀ ਮੀਤ ਹੇਅਰ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਸਾਨੂੰ ਪੰਜਾਬ ਯੂਨੀਵਰਸਿਟੀ ਦੇਵੇ ਤਾਂ ਸਾਰਾ ਖਰਚਾ ਪੰਜਾਬ ਸਰਕਾਰ ਚੁੱਕਣ ਲਈ ਤਿਆਰ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀਂ ਸਿਰਫ਼ 40 ਫੀਸਦੀ ਖਰਚ ਦੇ ਰਹੇ ਹਾਂ ਪਰ ਜੇਕਰ ਕੇਂਦਰ ਪੰਜਾਬ ਯੂਨੀਵਰਸਿਟੀ ਸਾਨੂੰ ਦੇਵੇ ਤਾਂ ਅਸੀਂ ਪੂਰਾ ਪੈਸਾ ਦੇਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ ਦਾ ਵੀ ਪੂਰਾ ਖਰਚਾ ਚੁੱਕਣ ਲਈ ਤਿਆਰ ਹਾਂ। ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਨੂੰ ਦੇਵੇ।