ਚੰਡੀਗੜ੍ਹ: ਮਹਾਰਾਣੀ ਪਰਨੀਤ ਕੌਰ ਵੱਲੋਂ ਬੁਲਿਟ ਪਰੂਫ ਗੱਡੀ ਦੀ ਮੰਗ 'ਤੇ ਸਵਾਲ ਚੁੱਕਦਿਆਂ 'ਆਪ' ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 19 ਮਈ ਨੂੰ ਲੋਕ ਬੈਲੇਟ ਪਰੂਫ ਨਤੀਜੇ ਦੇਣਗੇ ਜੋ ਬੁਲਿਟ ਪਰੂਫ ਤੋਂ ਵੱਧ ਖ਼ਤਰਨਾਕ ਹੋਣਗੇ। ਉਨ੍ਹਾਂ ਸਵਾਲ ਚੁੱਕਿਆ ਕਿ ਆਪਣੀ ਹੀ ਸਰਕਾਰ ਦੇ ਹੁੰਦਿਆਂ ਮਹਾਰਾਣੀ ਨੂੰ ਬੁਲਿਟ ਪਰੂਫ ਗੱਡੀ ਦੀ ਕੀ ਲੋੜ ਪੈ ਗਈ ਸੀ? ਉਨ੍ਹਾਂ ਕਿਹਾ ਕਿ ਮਹਾਰਾਣੀ ਦੇ ਮਹਿਲਾਂ ਬਾਹਰ ਤੰਬੂਆਂ ਵਿੱਚ ਬੈਠੀ ਪੁਲਿਸ ਵੀ ਇਨ੍ਹਾਂ ਦੀ ਸੁਰੱਖਿਆ ਕਰ ਰਹੀ ਹੈ, ਫਿਰ ਵੀ ਮਹਾਰਾਣੀ ਨੂੰ ਆਮ ਲੋਕਾਂ ਵਿੱਚ ਜਾਣੋਂ ਡਰ ਲੱਗ ਰਿਹਾ ਹੈ, ਕੀ ਲੋਕਾਂ ਦੀ ਸੁਰੱਖਿਆ ਕੁਝ ਨਹੀਂ?
ਉਧਰ, ਕਾਂਗਰਸ ਵੱਲੋਂ ਜਾਰੀ ਮੈਨੀਫੈਸਟੋ 'ਤੇ ਮਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲੇ ਮੈਨੀਫੈਸਟੋ ਦੇ ਵਾਅਦੇ ਤਾਂ ਅਜੇ ਨਿਭਾਏ ਨਹੀਂ, ਫਿਰ ਨਵਾਂ ਮੈਨੀਫੈਸਟੋ ਜਾਰੀ ਕਰਨ ਦੀ ਕੀ ਲੋੜ ਪੈ ਗਈ ਸੀ। ਉਨ੍ਹਾਂ ਪਿਛਲੀ ਵਾਰ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਮੈਨੀਫੋਸਟੋ ਦਾ ਨਾਂ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਵਾਲਾ ਅੱਧਾ ਪੇਜ ਵੀ ਪੂਰਾ ਨਹੀਂ ਕੀਤਾ।
ਮਾਨ ਨੇ ਕਿਹਾ ਕਿ ਉਨ੍ਹਾਂ ਲੋਕ ਸਭਾ ਵਿੱਚ ਹੀ ਕਿਹਾ ਸੀ ਕਿ ਮੈਨੀਫੈਸਟੋ ਇੱਕ ਰਿਕਾਰਡਿਡ ਦਸਤਾਵੇਜ਼ ਹੋਣਾ ਚਾਹੀਦਾ ਹੈ ਤਾਂ ਜੋ ਮੈਨੀਫੈਸਟੋ ਦੇ ਵਾਅਦੇ ਪੂਰੇ ਨਾ ਕਰਨ 'ਤੇ ਉਨ੍ਹਾਂ ਨੂੰ ਪਾਰਟੀ ਦੇ ਰੱਦ ਹੋਣ ਦਾ ਡਰ ਰਹੇ ਤੇ ਉਹ ਲੋਕਾਂ ਸਾਹਮਣੇ ਵੱਡੇ-ਵੱਡੇ ਵਾਅਦੇ ਨਾ ਕਰ ਸਕਣ। ਅਕਾਲੀਆਂ ਬਾਰੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਦਾ ਦੀਵਾ ਅਸਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਵੇ ਵਾਂਗ ਬੁੱਝਣ ਤੋਂ ਪਹਿਲਾਂ ਫਰ-ਫਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਬੇਅਦਬੀ ਦਾ ਦਰਦ ਹੈ ਪਰ ਲੋਕਾਂ ਦੇ ਮਨਾਂ ਵਿੱਚ ਅਕਾਲੀਆਂ ਲਈ ਨਫ਼ਰਤ ਹੈ। ਦੂਜੇ ਪਾਸੇ ਸੁਖਬੀਰ ਪਰਮਿੰਦਰ ਨੂੰ ਕਹਿ ਰਹੇ ਹਨ ਕਿ ਉਹ ਕਿਹੜਾ ਆਪਣੇ ਪਿਤਾ ਦੀ ਮੰਨ ਰਹੇ ਹਨ।
ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਕਾਂਗਰਸ ਦਾ ਉਮੀਦਵਾਰ ਬਣਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਕਾਫੀ ਮਜ਼ਬੂਤ ਹਨ, ਉਹ ਚੰਡੀਗੜ੍ਹੀਆਂ ਨੂੰ ਮੋਦੀ ਦੇ ਵਾਅਦੇ ਯਾਦ ਕਰਵਾਉਣਗੇ। ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰਾਂ ਬਾਰੇ ਮਾਨ ਨੇ ਕਿਹਾ ਕਿ ਕਾਂਗਰਸ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ ਸਾਰੇ ਭ੍ਰਿਸ਼ਟਾਚਾਰੀਆਂ ਦੀ ਮਾਂ ਹੈ ਕਿਉਂਕਿ ਲੁਧਿਆਣਾ ਤੋਂ ਐਲਾਨੇ ਉਮੀਦਵਾਰ ਰਵਨੀਤ ਬਿੱਟੂ ਦੇ ਆਪਣੇ ਵਿਧਾਇਕ ਉਨ੍ਹਾਂ ਦਾ ਵਿਰੋਧ ਕਰਦੇ ਹਨ ਤੇ ਜਲੰਧਰ ਤੋਂ ਉਮੀਦਵਾਰ ਚੌਧਰੀ ਦਾ ਸਟਿੰਗ ਆਪ੍ਰੇਸ਼ਨ ਸਾਹਮਣੇ ਆ ਚੁੱਕਿਆ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੇ ਵੱਕਾਰ ਵਾਲੇ ਉਮੀਦਵਾਰਾਂ ਨੂੰ ਹੀ ਜਿਤਾ ਕੇ ਸੰਸਦ ਭੇਜਿਆ ਜਾਏ।