Punjab News: ਭਾਨਾ ਸਿੱਧੂ ਨੂੰ ਮੋਹਾਲੀ ਅਦਾਲਤ ਨੇ ਦਿੱਤੀ ਜ਼ਮਾਨਤ
ਮੋਹਾਲੀ ਵਿੱਚ ਉਸ ਉੱਤੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਤੇ ਉਸ ਨੂੰ ਬਲੈਕਮੇਲ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿੱਚ ਉਸ ਦਾ ਭਰਾ ਅਮਨਾ ਸਿੱਧੂ ਵੀ ਆਰੋਪੀ ਹੈ। ਇਹ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਵਿੱਚ ਦਰਜ ਕੀਤਾ ਗਿਆ ਸੀ।
Punjab New: ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਮੋਹਾਲੀ ਵਿੱਚ ਦਰਜ ਕੇਸ ਵਿੱਚ ਉਸ ਨੂੰ ਜ਼ਮਾਨਤ ਦਿੱਤੀ ਹੈ। ਅਦਾਲਤ ਨੇ 50 ਹਜ਼ਾਰ ਦੇ ਮੁਚਕਲੇ ਉੱਤੇ ਭਾਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ। ਫਿਲਹਾਲ ਭਾਨਾ ਸਿੱਧੂ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਜਿੱਥੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਭਾਨਾ ਸਿੱਧੂ ਉੱਤੇ ਲੁਧਿਆਣਾ ਤੇ ਪਟਿਆਲਾ ਵਿੱਚ ਕੇਸ ਦਰਜ ਸਨ। ਮੋਹਾਲੀ ਵਿੱਚ ਉਸ ਉੱਤੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਤੇ ਉਸ ਨੂੰ ਬਲੈਕਮੇਲ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿੱਚ ਉਸ ਦਾ ਭਰਾ ਅਮਨਾ ਸਿੱਧੂ ਵੀ ਆਰੋਪੀ ਹੈ। ਇਹ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ, ਕਿੰਦਰਬੀਰ ਸਿੰਘ ਬਿਦੇਸ਼ਾ ਵਾਸੀ ਸੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਮੋਹਾਲੀ ਦੇ ਫੇਜ਼ 5 ਵਿੱਚ ਹਾਈਰਾਈਜ਼ ਇਮੀਗ੍ਰੇਸ਼ਨ ਕੰਪਨੀ ਹੈ। ਉਸ ਨੇ ਭਾਨਾ ਸਿੱਧੂ ਖ਼ਿਲਾਫ਼ ਧਮਕਾਉਣ, ਜ਼ਬਰੀ ਵਸੂਲੀ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ
ਦੱਸ ਦਈਏ ਕਿ 3 ਫਰਵਰੀ ਨੂੰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਲਿਖਤੀ ਭਰੋਸਾ ਦਿੱਤਾ ਸੀ 10 ਤਾਰੀਕ ਨੂੰ ਭਾਨੇ ਸਿੱਧੂ ਨੂੰ ਛੱਡਿਆ ਜਾਵੇਗਾ। ਹਾਲਾਂਕਿ ਭਾਨੇ ਸਿੱਧੂ ਦੀ 10 ਤਾਰੀਕ ਨੂੰ ਰਿਹਾਈ ਨਹੀਂ ਹੋਈ। ਇਸ ਅੰਦੋਲਨ ਤੋਂ ਬਾਅਦ ਧਨੌਲਾ ਥਾਣੇ ਵਿੱਚ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਲੱਖਾ ਸਿਧਾਣਾ ਤੇ ਹੋਰ ਕਈ ਲੋਕਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰ ਕਰ ਦਈਏ ਕਿ 3 ਫਰਵਰੀ ਦੇ ਧਰਨੇ ਕਰਕੇ ਲੱਖੇ ਸਿਧਾਣਾ, ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ 'ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਸੀ। ਇਸ ਦਿਨ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ। ਜਿੱਥੇ ਕਿ ਉਨ੍ਹਾਂ ਦੀ ਪੁਲਿਸ ਦੇ ਨਾਲ ਵੱਡੇ ਪੱਧਰ ਉੱਪਰ ਝੜਪ ਹੋਈ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਵੀ ਤੋੜੇ ਗਏ ਸਨ। ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ 7 ਬਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ 'ਤੇ ਰੋਕਿਆ ਗਿਆ ਸੀ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ