ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਬੀਬੀ ਰਾਜਿਦਰ ਕੌਰ ਭੱਠਲ ਅੱਜ ਉਨ੍ਹਾਂ 'ਤੇ ਖੂਬ ਵਰ੍ਹੇ। ਉਨ੍ਹਾਂ ਕਿਹਾ, "ਬਾਜਵਾ ਅਸਤੀਫ਼ੇ ਦੀ ਪਬਲੀਸਿਟੀ ਨਾ ਕਰਨ। ਇਹ ਗੱਲ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਕਹਿਣੀ ਚਾਹੀਦੀ ਹੈ। ਉਹ ਪਾਰਟੀ ਪਲੇਟਫਰਾਮ 'ਤੇ ਇਹ ਗੱਲ ਕਰ ਸਦਕੇ ਹਨ। ਬਾਜਵਾ ਅਧਿਆਪਕ ਨਹੀਂ ਹਨ। ਉਹ ਵੀ ਬਾਕੀ ਕਾਂਗਰਸੀਆਂ ਵਾਂਗ ਵਿਦਿਆਰਥੀ ਹਨ। ਬਾਜਵਾ ਨੂੰ ਕੈਪਟਨ ਸਰਕਾਰ ਨੂੰ 10 'ਚੋਂ 5 ਨੰਬਰ ਦੇਣ ਦਾ ਕੋਈ ਹੱਕ ਨਹੀਂ। ਮੈਂ ਕੈਪਟਨ ਸਰਕਾਰ ਨੂੰ 10 'ਚੋਂ 10 ਨੰਬਰ ਦਿੰਦੀ ਹਾਂ।"


ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਲੀਡਰ ਰਜਿੰਦਰ ਕੌਰ ਭੱਠਲ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਬਣਿਆਂ ਜ਼ਿਆਦਾ ਸਮਾਂ ਨਹੀਂ ਹੋਇਆ ਤੇ ਸਰਕਾਰ ਆਪਣੇ ਹਰ ਵਾਅਦੇ ਪ੍ਰਤੀ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਸਮਾਰਟਫੋਨ ਤੋਂ ਲੈ ਕੇ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੀਹ 'ਤੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਇਹ ਚੜ੍ਹ ਗਿਆ ਉਦੋਂ ਪੰਜਾਬ ਦਾ ਵਿਕਾਸ ਹੋਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ 'ਚ ਸਰਕਾਰ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਹਨ ਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੇੜਾ ਗਰਕ ਅਕਾਲੀਆਂ ਨੇ ਕੀਤਾ ਹੈ। ਪੰਜਾਬ ਨੂੰ ਸੰਵਾਰਨ ਦਾ ਕੰਮ ਕਾਂਗਰਸ ਪਾਰਟੀ ਕਰ ਰਹੀ ਹੈ। ਕੈਪਟਨ ਦੇ ਲੋਕਾਂ ਨੂੰ ਨਾ ਮਿਲਣ ਦੇ ਇਲਜ਼ਾਮਾਂ ਬਾਰੇ ਬੋਲਦਿਆਂ ਭੱਠਲ ਨੇ ਕਿਹਾ, ਉਨ੍ਹਾਂ ਨੂੰ ਮੈਂ ਵੀ ਦੋ ਮਹੀਨੇ ਪਹਿਲਾਂ ਮਿਲੀ ਹਾਂ ਤੇ ਉਹ ਬਾਕੀ ਵਿਧਾਇਕਾਂ ਤੇ ਕਾਂਗਰਸ ਲੀਡਰਾਂ ਨੂੰ ਵੀ ਮਿਲਦੇ ਹਨ।" ਉਨ੍ਹਾਂ ਕਿਹਾ, "ਮੈਂ ਖ਼ੁਦ ਹੀ ਕੈਪਟਨ ਤੋਂ ਕੋਈ ਚੇਅਰਮੈਨੀ ਨਹੀਂ ਮੰਗੀ ਕਿਉਂਕਿ ਮੈਂ ਮੁੱਖ ਮੰਤਰੀ ਹੁੰਦਿਆਂ ਬਥੇਰੀਆਂ ਚੇਅਰਮੈਨੀਆਂ ਵੰਡੀਆਂ ਹਨ।" ਉਨ੍ਹਾਂ ਕਿਹਾ ਕਿ ਉਹ ਪ੍ਰਧਾਨਗੀ ਅਹੁਦੇ ਦੀ ਦੌੜ 'ਚ ਨਹੀਂ ਸਨ।