Bibi Jagir Kaur: ਮੇਰੇ ਸਟੈਂਡ ਕਰਕੇ ਹੀ ਅਕਾਲੀ ਦਲ ਲਿਫਾਫਾ ਕਲਚਰ ਬੰਦ ਕਰਨ ਲਈ ਮਜਬੂਰ ਹੋਇਆ: ਬੀਬੀ ਜਗੀਰ ਕੌਰ
ਅਕਾਲ ਤਖ਼ਤ ਸਿੱਖ ਪੰਥ ਲਈ ਸਰਵਉੱਚ ਹੈ ਤੇ ਉਸ ਵੱਲੋਂ ਦਿੱਤੇ ਗਏ ਆਦੇਸ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਇਨ-ਬਿਨ ਲਾਗੂ ਕਰਨਾ ਤੇ ਕਰਵਾਉਣਾ ਹੁੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਣਦੇਖੀ ਕਰਦੀ ਆ ਰਹੀ ਹੈ।
Bibi Jagir Kaur: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲਿਫਾਫਾ ਕਲਚਰ ਵਿਰੁੱਧ ਸਟੈਂਡ ਲਏ ਜਾਣ ਤੋਂ ਬਾਅਦ ਹੀ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਪੁਰਾਣੀ ਪ੍ਰਥਾ ਨੂੰ ਖਤਮ ਕਰਨਾ ਪਿਆ ਹੈ ਤੇ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਜਿੱਤਦੇ ਹਨ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਬਹਾਲ ਕਰਵਾਉਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ 2007 ਵਿੱਚ ਗੁਰੂ ਸਾਹਿਬ ਦਾ ਸਵਾਂਗ ਰਚਿਆ ਸੀ ਪਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਐਫਆਈਆਰ ਰੱਦ ਕਰਵਾਉਣੀ ਬਹੁਤ ਹੀ ਮੰਦਭਾਗੀ ਗੱਲ ਸੀ। ਜੇਕਰ ਡੇਰਾ ਮੁਖੀ ਵਿਰੁੱਧ ਪੰਜਾਬ ਸਰਕਾਰ ਗੰਭੀਰਤਾ ਨਾਲ ਕੇਸ ਲੜਦੀ ਤਾਂ 2015 ਵਿੱਚ ਬੇਅਦਬੀ ਵਰਗਾ ਦੁਖਾਂਤ ਨਾ ਵਾਪਰਦਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਿੱਖ ਪੰਥ ਲਈ ਸਰਵਉੱਚ ਹੈ ਤੇ ਉਸ ਵੱਲੋਂ ਦਿੱਤੇ ਗਏ ਆਦੇਸ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਇਨ-ਬਿਨ ਲਾਗੂ ਕਰਨਾ ਤੇ ਕਰਵਾਉਣਾ ਹੁੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਣਦੇਖੀ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਮੇਟੀ ਨੂੰ ਆਪਣਾ ਇੱਕ ਚੈਨਲ ਸਥਾਪਤ ਕਰਨ ਲਈ ਕਿਹਾ ਸੀ ਪਰ ਅੱਜ ਤੱਕ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਕੰਮ ਕਰੇਗੀ।
ਵਰਕਰਾਂ ਨੂੰ ਬੀਬੀ ਜਗੀਰ ਕੌਰ ਤੋਂ ਦੂਰ ਰਹਿਣ ਦੀ ਹਿਦਾਇਤ
ਸ਼੍ਰੋਮਣੀ ਅਕਾਲੀ ਦਲ ਨੇ ਬਾਗ਼ੀ ਹੋਈ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖ਼ਾਰਜ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਆਪਣੇ ਵਰਕਰਾਂ ਨੂੰ ਵੀ ਕਿਹਾ ਗਿਆ ਹੈ ਕਿ ਹੁਣ ਬੀਬੀ ਜਗੀਰ ਕੌਰ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ।
ਅਨੁਸ਼ਾਸਨੀ ਕਮੇਟੀ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਤੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪਾਰਟੀ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਪਾੜ ਪਾਉਣ ਦੀਆਂ ਵਿਉਂਤਾਂ ਘੜ ਰਹੇ ਹਨ। ਵਲਟੋਹਾ ਨੇ ਕਿਹਾ ਕਿ ਬੀਬੀ ਦੀਆਂ ਗਤੀਵਿਧੀਆਂ ਪਾਰਟੀ ਵਿਰੋਧੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਿੰਨ ਵਾਰ ਮੌਕਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਤੇਵਰ ਹਮੇਸ਼ਾ ਬਾਗ਼ੀ ਬਣੇ ਰਹੇ ਹਨ।