Kangana Ranaut Slap Controversy: ਕੰਗਨਾ ਦੇ ਥੱਪੜ ਕਾਂਡ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
ਫਿਲਮ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ।
Kangana Ranaut Slap Controversy: ਫਿਲਮ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਪੰਜਾਬ ਪੁਲਿਸ ਨੇ ਹਰਵੀਰ ਸਿੰਘ ਅਟਵਾਲ ਐਸਪੀ ਸਿਟੀ ਮੁਹਾਲੀ ਨੂੰ ਇਸ ਐਸਆਈਟੀ ਦਾ ਇੰਚਾਰਜ ਬਣਾਇਆ ਗਿਆ ਹੈ। ਮੁਹਾਲੀ ਏਅਰਪੋਰਟ ਦੇ ਡੀਐਸਪੀ ਕੁਲਜਿੰਦਰ ਸਿੰਘ ਤੇ ਸਟੇਸ਼ਨ ਇੰਚਾਰਜ ਪੈਰੀ ਵਿੰਕਲ ਨੂੰ ਵੀ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਤਿੰਨ ਮੈਂਬਰੀ ਸਿੱਟ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਰਿਪੋਰਟ ਕੀਤੀ ਜਾਵੇਗੀ
ਐਸਪੀ ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਪਹਿਲਾਂ ਏਅਰਪੋਰਟ 'ਤੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾਣਗੇ। ਉਨ੍ਹਾਂ ਕੈਮਰਿਆਂ 'ਚ ਮੌਕੇ 'ਤੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਦੋਵਾਂ ਧਿਰਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਜੋ ਵੀ ਸਬੂਤ ਹੋਣਗੇ, ਉਨ੍ਹਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਇਸ ਲਈ ਅਜੇ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਕਿਉਂਕਿ ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ। ਇਸ ਕਾਰਨ ਜਾਂਚ ਵਿੱਚ ਸਮਾਂ ਲੱਗ ਸਕਦਾ ਹੈ।
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਕੱਲ੍ਹ ਕਿਸਾਨ ਥੱਪੜ ਮਾਰਨ ਵਾਲੀ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੈਦਲ ਮਾਰਚ ਕੱਢਿਆ ਸੀ। ਰੋਸ ਮਾਰਚ ਕੱਢਦੇ ਹੋਏ ਉਹ ਮੁਹਾਲੀ ਦੇ ਐਸਐਸਪੀ ਦਫ਼ਤਰ ਪੁੱਜੇ ਸੀ ਜਿੱਥੇ ਉਨ੍ਹਾਂ ਆਪਣਾ ਮੰਗ ਪੱਤਰ ਐਸਐਸਪੀ ਮੁਹਾਲੀ ਨੂੰ ਸੌਂਪਿਆ ਸੀ। ਇਸ ਵਿੱਚ ਉਨ੍ਹਾਂ ਨੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਖ਼ਿਲਾਫ਼ ਦਰਜ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ SIT ਬਣਾਉਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਕੰਗਨਾ ਨੇ ਅੰਦੋਲਨਕਾਰੀ ਕਿਸਾਨਾਂ ਦੀ ਤੁਲਨਾ 'ਖਾਲਿਸਤਾਨੀਆਂ ਤੇ ਅੱਤਵਾਦੀਆਂ' ਨਾਲ ਕੀਤੀ ਸੀ। ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਈ ਬਿਆਨ ਦਿੱਤੇ ਸਨ। ਉਸ ਨੇ ਸੋਸ਼ਲ ਮੀਡੀਆ 'ਤੇ ਅੰਦੋਲਨਕਾਰੀਆਂ ਦੀ ਤੁਲਨਾ ਖਾਲਿਸਤਾਨੀ ਅੱਤਵਾਦੀਆਂ ਨਾਲ ਕੀਤੀ ਸੀ। ਉਸ ਨੇ ਲਿਖਿਆ ਸੀ- 'ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ 'ਤੇ ਦਬਾਅ ਬਣਾ ਰਹੇ ਹਨ, ਪਰ ਸਾਨੂੰ ਇੱਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹੀਂ ਭੁੱਲਣਾ ਚਾਹੀਦਾ। ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ।