ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ।
ਇਸ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।
30 ਦਸੰਬਰ 2013 ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਪਾਸੋਂ ਇਸ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਗਿਆ। ਅਜੌਕੇ ਸਮੇਂ ਵਿੱਚ ਜਦੋਂ ਕੈਂਸਰ ਵਰਗੀ ਨਾਮੁਰਾਦ ਤੇ ਘਾਤਕ ਬਿਮਾਰੀ ਦਾ ਇਲਾਜ ਆਮ ਬੰਦੇ ਦੀ ਵਿੱਤ ਤੋਂ ਬਾਹਰ ਹੈ, ਅਜਿਹੇ ਸਮੇਂ 'ਚ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸੁਪਨੇ ਮੁਤਾਬਕ ਇਹ ਹਸਪਤਾਲ ਪੰਜਾਬ ਤੇ ਇਸ ਦੇ ਨਾਲ ਲੱਗਦੇ ਰਾਜਾਂ ਦੇ ਮਰੀਜ਼ਾਂ ਨੂੰ ਸਸਤਾ, ਵਧੀਆ ਤੇ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਏਗਾ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।
ਹਸਪਤਾਲ ਵਿੱਚ 300 ਬਿਸਤਰਿਆਂ ਦੀ ਸਮਰੱਥਾ
ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਮਰੱਥਾ 300 ਬਿਸਤਰਿਆਂ ਦੀ ਹੈ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਦੀ ਓ.ਪੀ.ਡੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਐੱਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ। ਇਹ ਕੇਂਦਰ ਬਾਇਓਪਸੀ ਲਈ ਕੀਮੋਥੈਰੇਪੀ ਅਤੇ ਸਤਹੀ ਸਰਜਰੀ ਅਤੇ ਨਾਬਾਲਗ OTs ਲਈ ਡੇ ਕੇਅਰ ਦੀ ਵੀ ਪੇਸ਼ਕਸ਼ ਕਰਦਾ ਹੈ।