ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਬੀਜੇਪੀ ਦੀ ਕੈਪਟਨ ਤੇ ਢੀਂਡਸਾ ਤੋਂ ਤੌਬਾ, ਹੁਣ ਪੰਜਾਬ 'ਚ ਇਕੱਲੇ ਹੀ ਲੜੇਗੀ 4 ਨਿਗਮਾਂ ਤੇ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ
Punjab News : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਨੇ ਸਾਰੀਆਂ ਥਾਵਾਂ 'ਤੇ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ ਪਰ ਅੰਤਿਮ ਫੈਸਲਾ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਲੈਣਾ ਹੈ।
ਰਵਨੀਤ ਕੌਰ ਦੀ ਰਿਪੋਰਟ
Punjab News : ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਪੰਜਾਬ 'ਚ ਭਾਜਪਾ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਕਰਕੇ ਚੋਣਾਂ ਨਹੀਂ ਲੜੇਗੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੇ 4 ਨਿਗਮਾਂ ਦੀਆਂ ਚੋਣਾਂ ਭਾਜਪਾ ਇਕੱਲਿਆਂ ਲੜੇਗੀ। ਬੁੱਧਵਾਰ ਨੂੰ ਚੰਡੀਗੜ੍ਹ 'ਚ ਚੋਣਾਂ ਨੂੰ ਲੈ ਕੇ ਭਾਜਪਾ 'ਚ ਮੰਥਨ ਹੋਇਆ। ਇਸ ਦੌਰਾਨ ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਉਹ ਇਕੱਲੇ ਹੀ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਬਾਕੀ ਕੇਂਦਰੀ ਲੀਡਰਸ਼ਿਪ ਜੋ ਫੈਸਲਾ ਕਰੇਗੀ, ਉਸ ਨੂੰ ਮੰਨਿਆ ਜਾਵੇਗਾ। ਮੀਟਿੰਗ 'ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਹਿ ਇੰਚਾਰਜ ਨਰਿੰਦਰ ਰੈਨਾ ਵੀ ਮੌਜੂਦ ਸਨ।
ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਨੇ ਸਾਰੀਆਂ ਥਾਵਾਂ 'ਤੇ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ ਪਰ ਅੰਤਿਮ ਫੈਸਲਾ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵੀ 117 ਸਥਾਨ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ, ਪਰ ਜਦੋਂ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਗਠਜੋੜ ਨਾਲ ਚੋਣ ਲੜਨ ਬਾਰੇ ਸੋਚਿਆ ਤਾਂ ਅਸੀਂ ਗਠਜੋੜ ਨਾਲ ਚੋਣ ਲੜੇ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਸੀ। ਇਸ ਵਾਰ ਉਹ ਧੂਰੀ ਸੀਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਜਲਦੀ ਹੀ ਇਸ ਸੀਟ 'ਤੇ ਉਪ ਚੋਣ ਹੋਣਗੇ। ਪੰਜਾਬ 'ਚ ਇਸ ਸਾਲ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਹਨ। ਭਾਜਪਾ ਦਾ ਸ਼ਹਿਰਾਂ 'ਚ ਚੰਗਾ ਆਧਾਰ ਹੈ। ਇਸ ਕਰ ਕੇ ਉਹ ਇਕੱਲੇ ਹੀ ਚੋਣ ਲੜਨ ਦੇ ਮੂਡ 'ਚ ਹਨ। ਹੁਣ ਤਕ ਉਹ ਅਕਾਲੀ ਦਲ ਨਾਲ ਗਠਜੋੜ ਕਰ ਕੇ ਚੋਣਾਂ ਲੜਦੀ ਰਹੀ ਹੈ।
ਵਿਧਾਨ ਸਭਾ ਚੋਣਾਂ 'ਚ ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਸੀ। ਭਾਜਪਾ ਨੂੰ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਤੋਂ ਕ੍ਰਿਸ਼ਮੇ ਦੀ ਉਮੀਦ ਸੀ। ਹਾਲਾਂਕਿ ਕੈਪਟਨ ਆਪਣੀ ਪਟਿਆਲਾ ਸੀਟ ਵੀ ਨਹੀਂ ਬਚਾ ਸਕੇ। ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਭਾਜਪਾ ਵੀ ਸਿਰਫ਼ 2 ਸੀਟਾਂ 'ਤੇ ਹੀ ਸਿਮਟ ਗਈ। ਦੂਜੇ ਪਾਸੇ ਕੈਪਟਨ ਤੋਂ ਇਲਾਵਾ ਗਠਜੋੜ ਦੇ ਦੂਜੇ ਸਾਥੀ ਸੁਖਦੇਵ ਢੀਂਢਸਾ ਦੀ ਸ੍ਰੋਅਦ ਸੰਯੁਕਤ ਇਕ ਵੀ ਸੀਟ ਨਹੀਂ ਜਿੱਤ ਸਕੀ।