ਜਲੰਧਰ ਵਿੱਚ ਬੀਜੇਪੀ ਦੇ ਮੈਂਬਰਾਂ 'ਤੇ ਕੇਸ ਦਰਜ ਹੋਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਅੱਜ ਰੋਸ ਮਾਰਚ ਕੱਢ ਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਤਬਦੀਲ ਕਰਨ ਦੀ ਮੰਗ ਕੀਤੀ। ਸ਼ਹਿਰ ਵਿੱਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਕਿ ਪੁਲਿਸ ਕਾਂਗਰਸ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ, ਇਸ ਲਈ ਪੁਲਿਸ ਕਮਿਸ਼ਨਰ ਨੂੰ ਹਟਾਉਣਾ ਚਾਹੀਦਾ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਦਾ ਕਹਿਣਾ ਹੈ, "ਵਾਰਡ-78 ਦੇ ਸਾਡੇ ਉਮੀਦਵਾਰ ਰਵੀ ਮਹੇਂਦਰੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਅਸੀਂ ਐਕਸ਼ਨ ਲਈ ਪੁਲਿਸ ਖਿਲਾਫ ਧਰਨਾ ਦਿੱਤਾ ਤਾਂ ਸਾਡੇ 'ਤੇ ਹੀ ਕੇਸ ਦਰਜ ਕਰ ਦਿੱਤਾ ਗਿਆ। ਇਸ ਵਿੱਚ ਉਮੀਦਵਾਰਾਂ 'ਤੇ ਵੀ ਕੇਸ ਦਰਜ ਕਰ ਦਿੱਤਾ ਗਿਆ। ਪੁਲਿਸ ਕਾਂਗਰਸੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।"
ਭਾਜਪਾ ਪ੍ਰਧਾਨ ਨੇ ਕਿਹਾ, "ਕਾਂਗਰਸ ਆਪਣੀ ਹਾਰ ਨੂੰ ਵੇਖਦੇ ਹੋਏ ਸਾਡੇ ਵਰਕਰਾਂ 'ਤੇ ਪਰਚੇ ਦਰਜ ਕਰਵਾ ਰਹੀ ਹੈ। ਇਹ ਗ਼ਲਤ ਹੈ। ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਜਲੰਧਰ ਦੇ ਕਮਿਸ਼ਨਰ ਨੂੰ ਬਦਲਿਆ ਜਾਵੇ। ਉਨਾਂ ਨੇ ਸਾਨੂੰ ਇਨਸਾਫ ਦੇਣ ਦੀ ਗੱਲ ਆਖੀ ਹੈ।"