ਬੀਜੇਪੀ ਨੇ ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ 'ਤੇ ਉਠਾਏ ਸਵਾਲ, ਤਿੰਨ ਲੱਖ ਸ਼ਿਕਾਇਤਾਂ ਮਿਲੀਆਂ ਪਰ ਕੋਈ ਕਾਰਵਾਈ ਨਹੀਂ ਹੋਈ
ਸਾਬਕਾ ਆਈਏਐਸ ਅਧਿਕਾਰੀ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਐਸਐਸ ਚੰਨੀ ਤੇ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚੋਂ ਰਿਸ਼ਵਤਖੋਰੀ ਨੂੰ ਖ਼ਤਮ ਕਰੇਗੀ
ਚੰਡੀਗੜ੍ਹ: ਸਾਬਕਾ ਆਈਏਐਸ ਅਧਿਕਾਰੀ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਐਸਐਸ ਚੰਨੀ ਤੇ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚੋਂ ਰਿਸ਼ਵਤਖੋਰੀ ਨੂੰ ਖ਼ਤਮ ਕਰੇਗੀ। ਇਸ ਲਈ ਲੋਕਾਂ ਨੇ ਇਨ੍ਹਾਂ ਨੂੰ ਵੋਟ ਦਿੱਤੀ। ਜਦੋਂ ਸਰਕਾਰ ਬਣਦਿਆਂ ਹੀ ਮੰਤਰੀ ਰਿਸ਼ਵਤ ਲੈਣ ਲੱਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਇੱਕ ਮੰਤਰੀ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਭੇਜਣਾ ਪਿਆ।
ਇਸ ਤੋਂ ਬਾਅਦ ਪੰਜਾਬ ਵਿੱਚ ਡਰਾਮਾ ਸ਼ੁਰੂ ਕੀਤਾ ਕਿ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਾਰਜਕਾਲ ਦੌਰਾਨ ਕਰੀਬ 2000 ਕਰੋੜ ਦਾ ਘਪਲਾ ਹੋਇਆ ਸੀ। ਇਸ ਗੱਲ ਦਾ ਦਾਅਵਾ ਸਰਕਾਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਨੇ ਦਾਅਵਾ ਕੀਤਾ ਸੀ ਕਿ ਤ੍ਰਿਪਤ ਰਜਿੰਦਰ ਬਾਜਵਾ ਨੇ ਇੱਕ ਪਿੰਡ ਭਗਤਪੁਰਾ ਦੀ ਜ਼ਮੀਨ ਖਰਦੀਣ 'ਤੇ ਉਦੋਂ ਸਾਈਨ ਕੀਤੇ, ਜਦੋਂ ਕਾਂਗਰਸ ਦੀ ਸਰਕਾਰ ਚਲੀ ਗਈ ਸੀ। ਇਸ 'ਚ ਕਰੋੜਾਂ ਦਾ ਘਪਲਾ ਹੋਇਆ ਸੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਜੈਪੁਰ ਵਿੱਚ ਬੱਸਾਂ ਦੀ ਬਾਡੀ ਲਵਾਉਣ ਵਿੱਚ ਘਪਲਾ ਹੋਇਆ ਤੇ ਇਸ ਵਿੱਚ ਕਰੀਬ 43 ਕਰੋੜ ਰੁਪਏ ਦਾ ਘਪਲਾ ਹੋਇਆ। ਇਸ ਦੇ ਬਾਵਜੂਦ ਰਾਜਾ ਵੜਿੰਗ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਬੀਜੇਪੀ ਲੀਡਰਾਂ ਨੇ ਕਿਹਾ ਕਿ ਅੱਜ 'ਆਪ' ਸਰਕਾਰ ਬਣੀ ਨੂੰ 4 ਤੋਂ 5 ਮਹੀਨੇ ਹੋ ਗਏ ਹਨ। ਇਸ ਲਈ ਰਿਸ਼ਵਤ ਰੋਕਣ ਲਈ ਹੈਲਪਲਾਈਨ ਜਾਰੀ ਕੀਤਾ ਗਿਆ। ਤਿੰਨ ਲੱਖ ਦੇ ਕਰੀਬ ਸ਼ਿਕਾਇਤਾਂ ਹੋਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਪਿੱਛੇ 50 ਨੰਬਰ ਕੋਠੀ ਵਾਲੇ ਵਿਅਕਤੀ ਨਾਲ ਗੱਲ ਹੋਈ ਹੈ। ਜੇਕਰ 50 ਨੰਬਰ ਕੋਠੀ ਵਾਲੇ ਨਾਲ ਗੱਲ ਨਾ ਹੁੰਦੀ ਤਾਂ ਹੁਣ ਤੱਕ ਇਸ ਮੁੱਦੇ 'ਤੇ ਕਾਰਵਾਈ ਹੋ ਜਾਂਦੀ।
ਉਨ੍ਹਾਂ ਕਿਹਾ ਕਿ ਸਰਕਾਰ ਅੱਜ ਭਾਰਤ ਭੂਸ਼ਣ ਆਸ਼ੂ ਨੂੰ ਜਾਂਚ ਵਿੱਚ ਸ਼ਾਮਲ ਕਿਉਂ ਨਹੀਂ ਕਰ ਰਹੀ? ਅੱਜ 50 ਨੰਬਰ ਕੋਠੀ ਦੀ ਨਜ਼ਰ ਕੋਠੀ ਨੰਬਰ 45 ’ਤੇ ਹੈ। ਕੁਲਦੀਪ ਧਾਲੀਵਾਲ ਨੇ ਅੱਜ ਭਗਵੰਤ ਮਾਨ ਨੂੰ ਰਿਪੋਰਟ ਦੇ ਦਿੱਤੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਨਾ ਹੋਈ ਤਾਂ ਲੋਕ ਸਮਝ ਸਕਦੇ ਹਨ ਕਿ ਸਰਕਾਰ ਕਿੱਥੇ ਜਾ ਰਹੀ ਹੈ। ਜੇਕਰ ਸਰਕਾਰ ਕੋਲ ਕੋਈ ਸਬੂਤ ਹੈ ਤਾਂ ਸਰਕਾਰ ਇਸ ਮੁੱਦੇ 'ਤੇ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਅਜੇ ਤੱਕ ਵਿਜੇ ਸਿੰਗਲਾ ਮਾਮਲੇ ਵਿੱਚ ਕੁਝ ਨਹੀਂ ਹੋਇਆ, ਸਿਰਫ਼ ਰੌਲਾ ਪਾਇਆ ਗਿਆ। ਅੱਜ ਏਜੀ ਲਈ ਰੌਲਾ ਪਾਇਆ ਜਾ ਰਿਹਾ ਹੈ, ਪਿਛਲੇ ਏਜੀ ਨੂੰ ਘੁਟਣ ਮਹਿਸੂਸ ਹੋ ਰਹੀ ਸੀ, ਇਸੇ ਲਈ ਉਨ੍ਹਾਂ ਨੇ ਆਪਣਾ ਆਹੁਦਾ ਛੱਡ ਦਿੱਤਾ। ਕੀ ਪੰਜਾਬ ਹੁਣ ਦਿੱਲੀ ਤੋਂ ਚੱਲੇਗਾ? ਫਤਿਹਜੰਗ ਬਾਜਵਾ ਨੇ ਕਿਹਾ ਕਿ ਜੋ ਲੋਕ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।