ਜਲੰਧਰ: ਬੱਚਿਆਂ ਲਈ ਜਾਨਲੇਵਾ ਸਾਬਤ ਹੋ ਰਹੀ ਖਤਰਨਾਕ ਗੇਮ ਬਲੂ ਵੇਲ੍ਹ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਧੰਨੋਵਾਲੀ ਫਾਟਕ ਕੋਲ ਕਰੀਬ 18 ਸਾਲਾ ਕੁੜੀ ਨੂੰ ਮਰਨ ਤੋਂ ਬਚਾਇਆ ਗਿਆ। ਬਚਾਉਣ ਵਾਲਿਆਂ ਨੂੰ ਕੁੜੀ ਨੇ ਕਿਹਾ, "ਮੈਨੂੰ ਕਿਉਂ ਬਚਾਇਆ ਹੈ। ਤੁਸੀਂ ਮੇਰੀ ਗੇਮ ਖਰਾਬ ਕਰ ਦਿੱਤੀ।" ਕੁੜੀ ਆਪਣਾ ਨਾਂ ਤੇ ਅਡਰੈੱਸ ਪੁਲਿਸ ਨੂੰ ਨਹੀਂ ਦੱਸ ਰਹੀ। ਕਈ ਘੰਟਿਆਂ ਬਾਅਦ ਉਸ ਨੇ ਆਪਣੇ ਘਰਦਿਆਂ ਬਾਰੇ ਦੱਸਿਆ ਤੇ ਥਾਣੇ 'ਚ ਕਿਹਾ ਕਿ ਨੰਬਰ ਘੱਟ ਆਉਣ 'ਤੇ ਉਹ ਪ੍ਰੇਸ਼ਾਨ ਸੀ। ਇਸੇ ਲਈ ਪਟੜੀ 'ਤੇ ਗਈ ਸੀ।


ਦਰਅਸਲ ਵੀਰਵਾਰ ਨੂੰ ਜਲੰਧਰ ਕੈਂਟ ਨੇੜੇ ਪੈਂਦੇ ਧੰਨੋਵਾਲੀ ਫਾਟਕ ਕੋਲ ਕਰੀਬ 18 ਸਾਲ ਦੀ ਕੁੜੀ ਪਟੜੀ 'ਤੇ ਘੁੰਮ ਕੇ ਖੁਦਕੁਸ਼ੀ ਕਰਨ ਲਈ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ। ਰੇਲਵੇ ਗਾਰਡ ਨੇ ਰੌਲਾ ਪਾਇਆ ਤਾਂ ਦੋ ਮੁੰਡਿਆਂ ਨੇ ਉਸ ਨੂੰ ਬਚਾ ਲਿਆ। ਬਚਾਏ ਜਾਣ ਤੋਂ ਬਾਅਦ ਲੜਕੀ ਨੇ ਉਨ੍ਹਾਂ ਨੂੰ ਕਿਹਾ, "ਮੈਨੂੰ ਕਿਉਂ ਬਚਾਇਆ। ਮੈਨੂੰ ਮਰ ਜਾਣ ਦਿਉ। ਮੇਰੀ ਗੇਮ ਨਾ ਖਰਾਬ ਕਰੋ।"

ਲੜਕੀ ਨੂੰ ਜਦੋਂ ਪੱਤਰਕਾਰਾਂ ਨੇ ਉਸ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਮੀਡੀਆ 'ਤੇ ਹੀ ਭੜਕ ਗਈ। 'ਗੈਟ ਲੌਸਟ ਨਾਓ' ਕਹਿ ਕੇ ਗੱਡੀ ਵਿੱਚ ਬੈਠ ਗਈ। ਥਾਣੇ ਵਿੱਚ ਲੜਕੀ ਨੇ ਕਿਹਾ ਕਿ ਉਸ ਦੇ ਨੰਬਰ ਘੱਟ ਆਏ ਸੀ ਇਸ ਲਈ ਉਹ ਪ੍ਰੇਸ਼ਾਨ ਸੀ। ਜੀਆਰਪੀ ਥਾਣੇ ਦੇ ਐਸਐਚਓ ਬਲਦੇਵ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਲੜਕੀ ਨੇ ਕਿਹਾ ਕਿ ਉਹ ਪੜ੍ਹਨ 'ਚ ਹੁਸ਼ਿਆਰ ਨਹੀਂ ਸੀ। ਇਸੇ ਲਈ ਪ੍ਰੇਸ਼ਾਨ ਰਹਿੰਦੀ ਸੀ। ਉਹ ਥੋੜ੍ਹਾ ਦਿਮਾਗ ਨੂੰ ਰੈਸਟ ਦੇਣਾ ਚਾਹੁੰਦੀ ਸੀ, ਇਸੇ ਲਈ ਪਟੜੀ ਕੋਲ ਘੁੰਮ ਰਹੀ ਸੀ।