ਫਾਜ਼ਿਲਕਾ: ਕਹਿੰਦੇ ਨੇ ਜੇ ਹੌਸਲੇ ਬੁਲੰਦ ਹੋਣ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਇਸ ਦੀ ਮਿਸਾਲ ਅਬੋਹਰ ਦੀ ਆਨੰਦ ਨਗਰੀ ਵਿੱਚ ਵੱਸਦੇ ਗਰੀਬ ਪਰਿਵਾਰ ਨੇ ਪੇਸ਼ ਕੀਤੀ ਹੈ ਜਿਨ੍ਹਾਂ ਦਾ ਪੁੱਤਰ ਅਜੇ ਰਾਠੌੜ ਜੁਡਿਸ਼ਲ ਟੈਸਟ ਵਿੱਚੋਂ ਪਾਸ ਹੋ ਕੇ ਜੱਜ ਬਣ ਗਿਆ ਹੈ। ਅਜੇ ਦੇ ਮਾਤਾ-ਪਿਤਾ ਘਰ ਵਿੱਚ ਤੰਦੂਰ ਲਾ ਕੇ ਟਿਫਨ ਪੈਕਿੰਗ ਦਾ ਕੰਮ ਕਰਦੇ ਹਨ। ਇਸੇ ਕੰਮ ਦੀ ਆਮਦਨ ਤੋਂ ਅਜੇ ਦੀ ਪੜ੍ਹਾਈ ਦਾ ਖ਼ਰਚਾ ਕੱਢਿਆ ਜਾਂਦਾ ਸੀ। ਕਾਫ਼ੀ ਮੁਸ਼ਕਲਾਂ ਆਈਆਂ ਪਰ ਮਿਹਨਤ ਅਤੇ ਲਗਨ ਸਦਕਾ ਅੱਜ ਅਜੇ ਨੇ ਆਪਣਾ ਤੇ ਆਪਣੇ ਮਾਂ-ਪਿਉ ਦਾ ਸੁਪਨਾ ਸੱਚ ਕਰ ਵਿਖਾਇਆ।
ਰਿਜ਼ਲਟ ਆਉਂਦਿਆਂ ਹੀ ਅਜੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜੱਜ ਬਣੇ ਅਜੇ ਰਾਠੌੜ ਨੇ ਦੱਸਿਆ ਕਿ ਆਰਥਕ ਤੰਗੀ ਕਰਕੇ ਉਹ ਦਸਵੀਂ ਜਮਾਤ ਪਾਸ ਕਰਕੇ ਅਬੋਹਰ ਕੋਰਟ ਵਿੱਚ ਕਿਸੇ ਵਕੀਲ ਦੇ ਕੋਲ ਮੁਨਸ਼ੀ ਵਜੋਂ ਕੰਮ ਕਰਨ ਲੱਗ ਗਿਆ ਸੀ। ਕੰਮ ਦੇ ਦੌਰਾਨ ਜਦੋਂ ਉਹ ਸਾਹਮਣੇ ਬੈਠੇ ਕਿਸੇ ਜੱਜ ਨੂੰ ਵੇਖਦਾ ਤਾਂ ਉਸਦੇ ਮਨ ਵਿੱਚ ਵੀ ਆਉਂਦੀ ਕਿ ਕਾਸ਼ ਮੈਂ ਵੀ ਇਸ ਕੁਰਸੀ ਉੱਤੇ ਬੈਠ ਪਾਉਂਦਾ। ਇਸੇ ਖੁਆਬ ਨੂੰ ਵੇਖਦਿਆਂ ਉਸ ਨੇ ਮਨ ਵਿੱਚ ਧਾਰ ਲਿਆ ਕਿ ਜਿਵੇਂ ਵੀ ਹੋਏ ਉਹ ਜੱਜ ਬਣ ਕੇ ਹੀ ਰਹੇਗਾ।
ਇਸ ਪਿੱਛੋਂ ਅਜੇ ਨੇ ਮੁਨਸ਼ੀ ਦੀ ਨੌਕਰੀ ਦੇ ਨਾਲ ਪ੍ਰਾਈਵੇਟ ਤੌਰ ’ਤੇ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਵਿੱਚ ਉਸ ਨੇ ਬਾਰ੍ਹਵੀਂ ਜਮਾਤ ਦੇ ਨਾਲ-ਨਾਲ LLB ਵੀ ਕਰ ਲਈ। ਕਈ ਉੱਚ ਅਧਿਕਾਰੀਆਂ ਤੇ ਵਕੀਲ ਦੋਸਤਾਂ ਨੇ ਉਸ ਦੀ ਕਿਤਾਬਾਂ ਦੇ ਕੇ ਕਾਫ਼ੀ ਮਦਦ ਕੀਤੀ। ਸਰਹੱਦੀ ਇਲਾਕਾ ਹੋਣ ਕਰਕੇ ਕੋਚਿੰਗ ਦੀ ਵੀ ਸਹੂਲਤ ਨਹੀਂ ਸੀ, ਜਿਸ ਕਾਰਨ ਉਹ ਇਕੱਲੇ ਹੀ ਦਿਨ-ਰਾਤ ਪੜ੍ਹਾਈ ਵਿੱਚ ਮਗਨ ਰਿਹਾ। ਅਖ਼ੀਰ ਦੂਜੀ ਵਾਰ ਉਸ ਨੇ ਟੈਸਟ ਪਾਸ ਕਰ ਕੇ ਅਤੇ ਆਪਣਾ ਤੇ ਆਪਣੇ ਮਾਂ-ਬਾਪ ਦਾ ਸੁਪਨਾ ਪੂਰਾ ਕਰ ਵਖਾਇਆ।
ਅਜੇ ਦੇ ਪਿਤਾ ਬਲਬੀਰ ਸਿੰਘ ਤੇ ਮਾਤਾ ਆਸ਼ਾ ਨੇ ਦੱਸਿਆ ਕਿ ਅਜੇ ਨੇ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿੱਤਾ ਹੈ। ਉਹ ਹੋਰ ਲੋਕਾਂ ਨੂੰ ਵੀ ਸਲਾਹ ਦਿੰਦੇ ਹਨ ਕਿ ਪੜ੍ਹਾਈ ਹੀ ਅਜਿਹੀ ਚੀਜ਼ ਹੈ ਜਿਸ ਦੇ ਨਾਲ ਆਦਮੀ ਕੁਝ ਵੀ ਹਾਸਲ ਕਰ ਸਕਦਾ ਹੈ। ਜੇ ਉਹ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੇ ਤਾਂ ਕੁਝ ਵੀ ਬਣਿਆ ਜਾ ਸਕਦਾ ਹੈ।