Breaking News LIVE: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹਦਾਇਤਾਂ
Punjab Breaking News, 4 April 2021 LIVE Updates: ਪੰਜਾਬ ਸਰਕਾਰ ਨੇ ਹੁਣ ਰੋਜ਼ਾਨਾ ਹੋਣ ਵਾਲੇ ਕੋਵਿਡ ਟੈਸਟ ਦੀ ਸੀਮਾ ਤੈਅ ਕਰ ਦਿੱਤੀ ਹੈ। ਹੁਣ ਰੋਜ਼ਾਨਾ 60,000 ਕੋਵਿਡ ਟੈਸਟ ਕੀਤੇ ਜਾਇਆ ਕਰਨਗੇ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਅਪ੍ਰੈਲ ਮਹੀਨੇ ’ਚ ਹੀ 45 ਸਾਲ ਤੋਂ ਵੱਧ ਦੇ ਲੋਕਾਂ ਨੂੰ ਟੀਕਾਕਰਣ ਯਕੀਨੀ ਬਣਾਉਣ।
ਰਾਜ ਵਿੱਚ ਕੋਵਿਡ ਟੀਕਾਕਰਣ ਤੇ ਪ੍ਰਬੰਧ ਦੀ ਸਮੀਖਿਆ ਕਰਨ ਲਈ ਸਨਿੱਚਰਵਾਰ ਦੇਰ ਰਾਤੀਂ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੌਤ ਦਰ ਘਟਾਉਣ ਤੇ ਕੌਂਟੈਕਟ ਟ੍ਰੇਸਿੰਗ ਵਧਾਉਣ, ਟੈਸਟਿੰਗ ਵਧਾਉਣ ਦੇ ਨਾਲ-ਨਾਲ ਟੀਕਾਕਰਣ ਮੁਹਿੰਮ ਵਿੱਚ ਵੀ ਤੇਜ਼ੀ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਦੀ ਹਦਾਇਤ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕੋਰੋਨਾ ਮਾਮਲਿਆਂ ਦੀ ਸਥਿਤੀ ਬਾਰੇ ਉੱਚ ਪੱਧਰੀ ਬੈਠਕ ਕਰ ਰਹੇ ਹਨ। ਇਸ ਬੈਠਕ ਵਿੱਚ ਕੋਰੋਨਾ ਤੇ ਟੀਕਾਕਰਨ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਤੇ ਡਾ. ਵਿਨੋਦ ਪਾਲ ਵੀ ਮੌਜੂਦ ਹਨ।
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਸਿਹਤ ਵਿਭਾਗ ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਇਸੇ ਮਹੀਨੇ ਦੇ ਅੰਦਰ ਟੀਕਾਕਰਨ ਕਰਨ ਦਾ ਹੁਕਮ ਦਿੱਤਾ ਹੈ। ਹੁਣ ਤੱਕ ਲਗਪਗ 10 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ।
ਪੰਜਾਬ ਵਿੱਚ ਸ਼ਨੀਵਾਰ ਨੂੰ ਕਰੋਨਾਵਾਇਰਸ ਨੇ 49 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਦੌਰਾਨ 2705 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ 7, ਹੁਸ਼ਿਆਰਪੁਰ ਵਿੱਚ 6, ਗੁਰਦਾਸਪੁਰ ਤੇ ਲੁਧਿਆਣਾ ਵਿੱਚ 5-5, ਰੋਪੜ ਤੇ ਜਲੰਧਰ ਵਿੱਚ 4-4, ਮੁਹਾਲੀ, ਸੰਗਰੂਰ ਤੇ ਕਪੂਰਥਲਾ ਵਿੱਚ 3-3, ਬਠਿੰਡਾ, ਤਰਨ ਤਾਰਨ ਤੇ ਪਟਿਆਲਾ ਵਿੱਚ 2-2, ਪਠਾਨਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੰਜਾਬ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ 7032 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਮਿਸ਼ਰਾ ਨੇ ਕਿਹਾ,‘‘ਪੰਜਾਬ ’ਚ ਕੁਝ ਲੋਕ ਇੰਗਲੈਂਡ ਤੋਂ ਆਏ ਹੋਣਗੇ ਤੇ ਫਿਰ ਉਨ੍ਹਾਂ ਦੇ ਸੂਬੇ ’ਚ ਕਈ ਥਾਵਾਂ ’ਤੇ ਜਾਣ ਕਰਕੇ ਕਰੋਨਾ ਦਾ ਨਵਾਂ ਰੂਪ ਉਥੇ ਫੈਲ ਗਿਆ।’’ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ’ਚ ਯੂਕੇ ਦਾ ਕਰੋਨਾ ਰੂਪ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ’ਚ ਪੀੜਤ ਵਿਅਕਤੀਆਂ ਦੇ ਸੂਬੇ ਤੋਂ ਬਾਹਰ ਨਾ ਜਾਣ ਕਰਕੇ ਹੋ ਸਕਦਾ ਹੈ ਕਿ ਇਹ ਅਜੇ ਬੁਰੀ ਤਰ੍ਹਾਂ ਨਾ ਫੈਲਿਆ ਹੋਵੇ।
ਕੋਰੋਨਾ ਦੀ ਦੂਜੀ ਲਹਿਰ ਦੀ ਮਾਰ ਸਭ ਤੋਂ ਵੱਧ ਪੰਜਾਬ ਨੂੰ ਪੈ ਰਹੀ ਹੈ। ਸੀਐਸਆਈਆਰ-ਸੀਸੀਐਮਬੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ’ਚ ਵੱਡਾ ਖ਼ਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ। ਉਂਜ ਮਹਾਰਾਸ਼ਟਰ ’ਚ ਕਰੋਨਾ ਦਾ ਮਿਲਿਆ ਦੋਹਰਾ ਰੂਪ ਚਿੰਤਾ ਦਾ ਵਿਸ਼ਾ ਹੈ।
ਪਿਛੋਕੜ
Punjab Breaking News, 4 April 2021 LIVE Updates: ਕੋਰੋਨਾ ਦਾ ਕਹਿਰ ਪਹਿਲੇ ਨਾਲੋਂ ਵੀ ਵੱਧ ਘਾਤਕ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ ਵਿੱਚ ਰੋਜ਼ਾਨਾ ਕੋਵਿਡ-19 ਦੇ ਮਾਮਲੇ 89,129 'ਤੇ ਪਹੁੰਚ ਗਏ। ਪਿਛਲੇ ਸਾਲ ਮਹਾਮਾਰੀ ਦੀ ਪਹਿਲੀ ਲਹਿਰ ਦੇ ਪੀਕ ਟਾਈਮ ਦੌਰਾਨ 97,000 ਕੇਸ ਸਨ। ਸੂਬਿਆਂ ਦੇ ਵੱਧ ਰਹੇ ਐਕਟਿਵ ਮਾਮਲਿਆਂ ਲਈ ਘਰ ਜਾਂ ਹਸਪਤਾਲ ਵਿੱਚ ਦੇਖਭਾਲ, ਆਈਸੀਯੂ ਤੇ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦਾ ਵਾਧਾ ਚਿੰਤਾਜਨਕ ਹੈ।
ਦੇਸ਼ ਭਰ ਵਿੱਚ ਐਕਟਿਵ ਕੇਸਾਂ ਦੇ ਮਾਮਲੇ 6,58,909 ਤੱਕ ਪਹੁੰਚ ਚੁੱਕੇ ਹਨ ਜੋ ਦੇਸ਼ ਦੇ ਕੁੱਲ ਕੇਸਾਂ ਦਾ 5.32 ਫੀਸਦ ਬਣਦਾ ਹੈ। ਪਿਛਲੇ 24 ਘੰਟੇ ਵਿੱਚ 44,213 ਐਕਟਿਵ ਕੇਸਾਂ ਦਾ ਵਾਧਾ ਹੋਇਆ ਹੈ ਜੋ ਕਿ ਬੇਹੱਦ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਅੰਕੜਾ ਹੈ।
ਪੰਜਾਬ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ- ਸੂਬੇ ਵਿੱਚ ਦੋ ਮਹੀਨਿਆਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਗੁਣਾ ਵਧੀ ਹੈ ਜੋ 2,122 ਤੋਂ 25,458 ਕੇਸ ਹੋ ਗਈ ਹੈ। ਇਸ ਦੌਰਾਨ ਹਰਿਆਣਾ 'ਚ 10 ਗੁਣਾ ਵਾਧਾ ਹੋਇਆ ਹੈ, ਜੋ 1,055 ਤੋਂ 11,022 ਮਾਮਲਿਆਂ ਵਿਚ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ, ਦੇਸ਼ ਭਰ ਵਿੱਚ 714 ਮੌਤਾਂ ਹੋਈਆਂ, ਜਿਨ੍ਹਾਂ ਵਿੱਚ 49 ਮੌਤ ਪੰਜਾਬ ਤੋਂ ਹੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਹਸਪਤਾਲ ਵਿੱਚ ਦਾਖਲੇ ਤੇ ਮੈਡੀਕਲ ਆਕਸੀਜਨ ਦੀ ਸਪਲਾਈ ਤੇ ਆਈਸੀਯੂ ਦੀ ਸਥਿਤੀ ਵਿੱਚ ਤਿੰਨ ਗੁਣਾ ਵਾਧੇ ਦੀ ਰਿਪੋਰਟ ਆਈ ਹੈ। ਹਾਸਲ ਜਾਣਕਾਰੀ ਅਨੁਸਾਰ ਮੌਜੂਦ ਲਹਿਰ ਪਹਿਲੇ ਨਾਲੋਂ ਵੀ ਵੱਧ ਘਾਤਕ ਦੱਸੀ ਜਾ ਰਹੀ ਹੈ।
ਪਿਛਲੇ ਦਿਨੀਂ ਰੋਜ਼ਾਨਾ ਵਾਧਾ 6 ਮਹੀਨਿਆਂ ਵਿੱਚ ਸਭ ਤੋਂ ਵੱਧ ਰਿਹਾ ਹੈ। ਕੁੱਲ ਮਾਮਲੇ 1.23 ਕਰੋੜ ਤੋਂ ਵੱਧ ਹੋ ਗਏ ਹਨ ਅਤੇ 714 ਮੌਤਾਂ ਤੋਂ ਬਾਅਦ ਇਹ ਗਿਣਤੀ 1,64,110 ਨੂੰ ਛੂਹ ਗਈ ਹੈ। ਇਹ ਪਿਛਲੇ ਸਾਲ 21 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ 24 ਦਿਨਾਂ ਤੋਂ ਐਕਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਰਿਕਵਰੀ ਰੇਟ 93.36 ਫੀਸਦ ਹੈ।
- - - - - - - - - Advertisement - - - - - - - - -