ਮਾਨਸਾ: ਬੁਢਲਾਡਾ ਵਿੱਚ ਫ਼ਾਈਨਾਂਸ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਬੰਬ ਭੇਜ ਕੇ ਧਮਕਾਉਣ ਦੀ ਧਮਕੀ ਫੋਕੀ ਨਿੱਕਲੀ। ਇਸ ਬੰਬ ਨਾਲ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਸੀ ਤੇ ਪੁਲਿਸ ਨੇ ਵੀ ਕੋਈ ਅਣਹੋਣੀ ਵਾਪਰਨ ਡਰੋਂ ਫ਼ੌਜ ਬੁਲਾ ਲਈ ਸੀ। ਪਰ ਜਦ ਫ਼ੌਜ ਤੇ ਵਿਸ਼ੇਸ਼ ਟੀਮ ਨੇ ਬੰਬ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਦੋ ਪੱਥਰ ਨਿੱਕਲੇ।


ਫਿਰੌਤੀ ਦੀ ਰਕਮ ਹਰਿਆਣਾ ਦੇ ਸ਼ਹਿਰ ਰਤੀਆ ਪਹੁੰਚਾਉਣ ਦੀ ਮੰਗ 'ਤੇ ਪੁਲਿਸ ਦੀ ਟੀਮ ਨੇ ਇੱਥੇ ਆ ਕੇ ਜਾਂਚ ਵੀ ਕੀਤੀ। ਹਾਲਾਂਕਿ, ਹਾਲੇ ਤਕ ਇਸ ਪੱਥਰ ਵਾਲੇ ਬੰਬ ਭੇਜਣ ਵਾਲੇ ਬਾਰੇ ਪਤਾ ਨਹੀਂ ਲੱਗਾ ਹੈ, ਪਰ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਫ਼ਾਈਨਾਂਸ ਦਾ ਕੰਮ ਕਰਨ ਵਾਲੇ ਸੋਨੂੰ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਗਿਫ਼ਟ ਪੇਪਰ ਵਿੱਚ ਪੈਕ ਕੀਤਾ ਅਣਜਾਣ ਪਾਰਸਲ ਆਇਆ ਸੀ। ਜਦ ਇਸ ਨੂੰ ਖੋਲ੍ਹਿਆ ਗਿਆ ਤਾਂ ਨਾਲ ਆਈ ਚਿੱਠੀ ਤੋਂ ਪਤਾ ਲੱਗਾ ਕਿ ਇਹ ਪਾਰਸਲ ਬੰਬ ਸੀ। ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ 20 ਲੱਖ ਰੁਪਏ ਦੀ ਫਿਰੌਤੀ ਹਰਿਆਣਾ ਦੇ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਈ ਜਾਵੇ।

ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਪਾਰਸਲ ਵਿੱਚ ਰੱਖੇ ਬੰਬ ਨੂੰ ਰਿਮੋਟ ਰਾਹੀਂ ਚਲਾ ਦਿੱਤਾ ਜਾਵੇਗਾ। ਧਮਾਕੇ ਵਿੱਚ ਫਾਈਨਾਂਸਰ ਦਾ ਸਾਰਾ ਪਰਿਵਾਰ ਖ਼ਤਮ ਹੋ ਜਾਵੇਗਾ। ਪਰ ਹੁਣ ਧਮਾਕਾ ਰਹਿਤ ਬੰਬ ਹੋਣ ਕਾਰਨ ਸੁਰਿੰਦਰ ਦੇ ਘਰ ਨੂੰ ਘੇਰਾ ਪਾਈ ਬੈਠੀ ਪੁਲਿਸ ਨੇ ਵੀ ਸੁਖ ਦਾ ਸਾਹ ਲਿਆ ਹੈ।