ਚੰਡੀਗੜ੍ਹ: ਚੰਡੀਗੜ੍ਹ ਦੀ ਕਲੋਨੀ ਨੰਬਰ 4 ਵਿੱਚ ਅੱਜ ਸੈਂਕੜੇ ਪਰਿਵਾਰ ਬੇਘਰ ਹੋ ਗਏ। ਚੰਡੀਗੜ੍ਹ ਪ੍ਰਸ਼ਾਸਨ ਦੇ ਭਾਰੀ ਬੁਲਡੋਜ਼ਰਾਂ ਨੇ ਇੱਥੇ ਬਣੇ ਕੱਚੇ ਮਕਾਨਾਂ ਨੂੰ ਢਾਹ ਦਿੱਤਾ। ਇਸ ਦੌਰਾਨ ਭਾਰੀ ਪੁਲfਸ ਫੋਰਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਅੱਗੇ ਕਲੋਨੀ ਵਾਸੀ ਬੇਵੱਸ ਨਜ਼ਰ ਆਏ। ਉਹ ਆਪਣਾ ਵਿਰੋਧ ਵੀ ਦਰਜ ਨਹੀਂ ਕਰਵਾ ਸਕੇ ਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ। ਅਹਿਮ ਗੱਲ਼ ਹੈ ਕਿ ਕਾਲੋਨੀ ਦੇ ਕਰੀਬ 2000 ਪਰਿਵਾਰਾਂ ਵਿੱਚੋਂ ਸਿਰਫ਼ 290 ਨੂੰ ਚੰਡੀਗੜ੍ਹ ਅਸਟੇਟ ਦਫ਼ਤਰ ਵੱਲੋਂ ਬਾਇਓਮੀਟ੍ਰਿਕ ਸਰਵੇਖਣ ਦੇ ਆਧਾਰ ’ਤੇ ਮਲੋਆ ਵਿੱਚ ਮਕਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਕਲੋਨੀ ਵਿੱਚ ਰਹਿਣ ਵਾਲੇ ਲੋਕ ਸਾਈਕਲਾਂ, ਰੇਹੜੀਆਂ ਤੇ ਪੈਦਲ ਹੀ ਆਪਣਾ ਜ਼ਰੂਰੀ ਸਾਮਾਨ ਲੈ ਕੇ ਜਾਂਦੇ ਦੇਖੇ ਗਏ। ਇਸ ਦੇ ਨਾਲ ਹੀ ਕੁਝ ਲੋਕ ਸੜਕ ਦੇ ਕਿਨਾਰੇ ਤੇ ਟੁੱਟੇ-ਭੱਜੇ ਮਕਾਨਾਂ ਕੋਲ ਆਪਣਾ ਸਾਮਾਨ ਲੈ ਕੇ ਬੈਠੇ ਦੇਖੇ ਗਏ। ਮਕਾਨ ਢਾਹੁਣ ਤੋਂ ਬਾਅਦ ਕੁਝ ਲੋਕ ਨੇੜਲੀਆਂ ਕਲੋਨੀਆਂ ਵਿੱਚ ਕਿਰਾਏ ’ਤੇ ਰਹਿਣ ਲਈ ਜਾ ਰਹੇ ਸਨ। ਇਸ ਦੇ ਨਾਲ ਹੀ ਕਈਆਂ ਕੋਲ ਕਿਰਾਏ ਦੇ ਪੈਸੇ ਨਹੀਂ ਸਨ ਤੇ ਉਹ ਦੁਖੀ ਹੋ ਕੇ ਰੋਂਦੇ ਨਜ਼ਰ ਆਏ। ਕਾਲੋਨੀ ਦੇ ਕੁਝ ਵਸਨੀਕਾਂ ਨੇ ਦੱਸਿਆ ਕਿ ਉਹ ਆਪਣਾ ਸਾਮਾਨ ਇਕੱਠਾ ਕਰਕੇ ਪਿੰਡ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਅਸਟੇਟ ਆਫਿਸ ਨੇ ਢਾਹੁਣ ਦੀ ਮੁਹਿੰਮ ਸਵੇਰੇ 7 ਵਜੇ ਸ਼ੁਰੂ ਕੀਤੀ ਸੀ। ਦੂਜੇ ਪਾਸੇ ਪੁਲਿਸ, ਫੌਜ ਤੇ ਸਿਵਲ ਡਿਫੈਂਸ ਦੀਆਂ ਟੀਮਾਂ ਸਵੇਰੇ 5 ਵਜੇ ਹੀ ਇੱਥੇ ਤਾਇਨਾਤ ਸਨ। ਸਵੇਰੇ 11 ਵਜੇ ਤੱਕ ਕਰੀਬ 80 ਫੀਸਦੀ ਕੰਮ ਪੂਰਾ ਹੋ ਚੁੱਕਾ ਸੀ। ਇਹ ਕਲੋਨੀ 80 ਏਕੜ ਵਿੱਚ ਫੈਲੀ ਹੋਈ ਸੀ। ਇਸ ਕਲੋਨੀ ਦੀ ਸਥਾਪਨਾ ਕਰੀਬ 40 ਸਾਲ ਪਹਿਲਾਂ ਹੋਈ ਸੀ। ਕੁਝ ਕਲੋਨੀ ਵਾਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬਾਇਓਮੀਟ੍ਰਿਕ ਸਰਵੇਖਣ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮਕਾਨ ਨਹੀਂ ਮਿਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਹੁਣ ਜਲਦੀ ਹੀ ਸੰਜੇ ਕਲੋਨੀ ਨੂੰ ਵੀ ਢਾਹ ਦਿੱਤਾ ਜਾਵੇਗਾ। ਇਹ ਕਲੋਨੀ ਵੀ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਬਣੀ ਹੋਈ ਹੈ।
ਇਹ ਮੁਹਿੰਮ ਦੋ ਹਜ਼ਾਰ ਜਵਾਨਾਂ ਤੇ 10 ਕਾਰਜਕਾਰੀ ਮੈਜਿਸਟਰੇਟਾਂ ਦੀ ਨਿਗਰਾਨੀ ਹੇਠ ਚਲਾਈ ਗਈ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਅੱਜ ਰਾਤ 12 ਵਜੇ ਤੱਕ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਡਿਮੋਲੇਸ਼ਨ ਡਰਾਈਵ ਦੌਰਾਨ ਕਲੋਨੀ ਨੰਬਰ 4 ਤੇ ਇਸ ਦੇ 500 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਅਸਟੇਟ ਦਫ਼ਤਰ ਵੱਲੋਂ ਕਲੋਨੀ ਨੰਬਰ 4 ਦੇ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ’ਤੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ 658 ਵਿਅਕਤੀਆਂ ਦੀ ਸੂਚੀ ਸੌਂਪੀ ਗਈ ਸੀ, ਜਿਸ ਉਪਰੰਤ ਐਸ.ਡੀ.ਐਮ (ਪੂਰਬੀ) ਦੇ ਦਫ਼ਤਰ ਵਿਖੇ ਕੈਂਪ ਲਗਾਇਆ ਗਿਆ। ਇਸ ਤਹਿਤ ਮਲੋਆ ਹਾਊਸਿੰਗ ਕੰਪਲੈਕਸ ਵਿੱਚ ਅਫੋਰਡੇਬਲ ਰੈਂਟਲ ਹਾਊਸਿੰਗ ਸਕੀਮ ਤਹਿਤ ਫਲੈਟਾਂ ਦੀ ਆਰਜ਼ੀ ਅਲਾਟਮੈਂਟ ਕੀਤੀ ਗਈ ਸੀ। ਕੁੱਲ 299 ਕਲੋਨੀ ਵਾਸੀ ਰਜਿਸਟ੍ਰੇਸ਼ਨ ਲਈ ਆਏ ਸਨ। ਡਰਾਅ ਤੋਂ ਬਾਅਦ ਕੁੱਲ 290 ਫਲੈਟ ਅਲਾਟ ਕੀਤੇ ਗਏ।
ਚੰਡੀਗੜ੍ਹ 'ਚ ਵੀ ਚੱਲਿਆ ਬੁਲਡੋਜ਼ਰ! ਪਲਾਂ 'ਚ ਹੀ 5 ਹਜ਼ਾਰ ਦੇ ਕਰੀਬ ਪਰਿਵਾਰ ਹੋਏ ਬੇਘਰ; 80 ਏਕੜ ਜ਼ਮੀਨ ਕਰਵਾਈ ਖਾਲੀ
abp sanjha
Updated at:
01 May 2022 02:44 PM (IST)
Edited By: ravneetk
ਕਲੋਨੀ ਵਿੱਚ ਰਹਿਣ ਵਾਲੇ ਲੋਕ ਸਾਈਕਲਾਂ, ਰੇਹੜੀਆਂ ਤੇ ਪੈਦਲ ਹੀ ਆਪਣਾ ਜ਼ਰੂਰੀ ਸਾਮਾਨ ਲੈ ਕੇ ਜਾਂਦੇ ਦੇਖੇ ਗਏ। ਇਸ ਦੇ ਨਾਲ ਹੀ ਕੁਝ ਲੋਕ ਸੜਕ ਦੇ ਕਿਨਾਰੇ ਤੇ ਟੁੱਟੇ-ਭੱਜੇ ਮਕਾਨਾਂ ਕੋਲ ਆਪਣਾ ਸਾਮਾਨ ਲੈ ਕੇ ਬੈਠੇ ਦੇਖੇ ਗਏ।
Punjab News
NEXT
PREV
Published at:
01 May 2022 02:44 PM (IST)
- - - - - - - - - Advertisement - - - - - - - - -