ਹਥਿਆਰਾਂ ਦੇ ਲਾਇਸੰਸ ਕੈਂਸਲ ਕਰਕੇ ਭਗਵੰਤ ਮਾਨ ਸਰਕਾਰ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ: ਭਾਈ ਅੰਮ੍ਰਿਤਪਾਲ ਸਿੰਘ
Punjab News: ਹਥਿਆਰਾਂ ਦੇ ਲਾਇਸੰਸ ਕੈਂਸਲ ਕਰਨ ਦੀਆਂ ਰਿਪੋਰਟਾਂ ਮਗਰੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਉਪਰ ਜੰਮ ਕੇ ਵਰ੍ਹੇ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰ ਸਾਡੇ ਹਥਿਆਰਾਂ ਦੇ ਲਾਇਸੰਸ...
Punjab News: ਹਥਿਆਰਾਂ ਦੇ ਲਾਇਸੰਸ ਕੈਂਸਲ ਕਰਨ ਦੀਆਂ ਰਿਪੋਰਟਾਂ ਮਗਰੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਉਪਰ ਜੰਮ ਕੇ ਵਰ੍ਹੇ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰ ਸਾਡੇ ਹਥਿਆਰਾਂ ਦੇ ਲਾਇਸੰਸ ਕੈਂਸਲ ਕਰਕੇ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਕਿਊਰਟੀ ਵਾਪਸ ਲੈ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ ਸੀ। ਹੁਣ ਸਿੱਧੂ ਮੂਸੇਵਾਲਾ ਦੇ ਮਾਪੇ ਧਰਨੇ 'ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਵਿੱਚ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ। ਉਸ ਨੌਜਵਾਨ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਸੀ। ਤੁਸੀਂ ਦੱਸੋ ਉੱਥੇ ਕਿੱਥੇ ਸ਼ਾਂਤੀ ਭੰਗ ਹੋਈ। ਸਿੱਖ ਨੌਜਵਾਨ ਕਿਸੇ ਨੂੰ ਮਰਿਆਦਾ ਭੰਗ ਕਰਨ ਤੋਂ ਰੋਕੇ ਤਾਂ ਸ਼ਾਂਤੀ ਭੰਗ ਹੋ ਜਾਂਦੀ ਹੈ। ਇਹ ਸਿੱਖਾਂ ਦੇ ਦੁਸ਼ਮਣ ਜਦੋਂ ਸਿੱਖ ਦਾ ਕਤਲ ਹੁੰਦਾ ਹੈ ਤਾਂ ਚੁੱਪ ਕਰਕੇ ਬੈਠ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤਾਂ ਇਹ ਸਾਰੇ ਬਾਹਰ ਆ ਕੇ ਸਿੱਖਾਂ ਦਾ ਵਿਰੋਧ ਕਰਦੇ ਹਨ।
ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਤੇ ਉਸ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਪੰਜਾਬ ਸਰਕਾਰ ਨੇ ਇਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਹੈ। ਸੂਤਰਾਂ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਸੁਰੱਖਿਆ ਗਾਰਦ ਵਿੱਚ ਸ਼ਾਮਲ ਅੱਠ ਹਮਾਇਤੀਆਂ ਦੇ ਅਸਲਾ ਲਾਇਸੈਂਸਾਂ ’ਤੇ ਨਜ਼ਰਸਾਨੀ ਦੇ ਹੁਕਮ ਦਿੱਤੇ ਗਏ ਹਨ।
ਦਰਅਸਲ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਪਿਛਲੇ ਦਿਨੀਂ ਅਜਨਾਲਾ ਥਾਣੇ ਵਿੱਚ ਬੰਦ ਆਪਣੇ ਇੱਕ ਸਾਥੀ ਦੀ ਰਿਹਾਈ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ ਸੀ। ਇਹ ਘਿਰਾਓ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸਿੱਧੀ ਚੁਣੌਤੀ ਸੀ। ਭਾਈ ਅੰਮ੍ਰਿਤਪਾਲ ਸਿੰਘ ਨਾਲ ਅਕਸਰ ਜਿਹੜੀ ਸੁਰੱਖਿਆ ਗਾਰਦ ਵਿਖਾਈ ਦਿੰਦੀ ਹੈ, ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਤੇ ਰਾਈਫਲਾਂ ਫੜੀਆਂ ਹੁੰਦੀਆਂ ਹਨ। ਸਰਕਾਰ ਹੁਣ ਇਸ ਅਸਲੇ ਦੀ ਲਾਇਸੰਸ ਰੱਦ ਕਰਨ ਜਾ ਰਹੀ ਹੈ।
ਦੱਸ ਦਈਏ ਕਿ ਅਸਲਾ ਧਾਰਕਾਂ ਦੀ ਸੂਚੀ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਕੋਲ .32 ਬੋਰ ਦੇ ਰਿਵਾਲਵਰ ਦਾ ਲਾਇਸੈਂਸ ਹੈ, ਜੋ ਤਰਨ ਤਾਰਨ ਜ਼ਿਲ੍ਹੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਲਾਇਸੈਂਸ 2027 ਤੱਕ ਪ੍ਰਮਾਣਕ ਹੈ, ਪਰ ਇਸ ’ਤੇ ਜਾਰੀ ਕਰਨ ਦੀ ਤਰੀਕ ਦਾ ਜ਼ਿਕਰ ਨਹੀਂ। ਹੋਰਨਾਂ ਸਮਰਥਕਾਂ ਵਿੱਚ ਪਟਿਆਲਾ ਦੇ ਹਰਪ੍ਰੀਤ ਦੇਵਗਨ ਕੋਲ .32 ਬੋਰ ਦਾ ਰਿਵਾਲਵਰ, 30.06 ਸਪਰਿੰਗ ਫੀਲਡ ਰਾਈਫਲ, ਕੋਟਕਪੂਰਾ ਦੇ ਰਾਮ ਸਿੰਘ ਬਰਾੜ ਕੋਲ 12 ਬੋਰ ਦੋਨਾਲੀ ਬੰਦੂਕ ਤੇ .32 ਬੋਰ ਰਿਵਾਲਵਰ, ਮੋਗਾ ਦੇ ਗੁਰਮੀਤ ਸਿੰਘ ਬੁੱਕਣਵਾਲਾ ਕੋਲ .32 ਬੋਰ ਦਾ ਰਿਵਾਲਵਰ, ਛਾਜਲੀ ਸੰਗਰੂਰ ਦੇ ਅਵਤਾਰ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ, ਖਿਲਚੀਆਂ ਅੰਮ੍ਰਿਤਸਰ ਦੇ ਹਰਜੀਤ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ ਤੇ ਐੱਨਪੀ ਬੋਰ ਪਿਸਟਲ ਤੇ ਅੰਮ੍ਰਿਤਸਰ ਦੇ ਬਲਜਿੰਦਰ ਸਿੰਘ ਕੋਲ ਦੋਨਾਲੀ ਬੰਦੂਕ, .32 ਬੋਰ ਦਾ ਰਿਵਾਲਵਰ ਤੇ .315 ਬੋਰ ਦੀ ਰਾਈਫਲ ਸ਼ਾਮਲ ਹਨ।