ਆਮ ਆਦਮੀ ਦੀ ਸਰਕਾਰ! ਬੱਸਾਂ ਨਾ ਰੁਕਣ ਦੀ ਸ਼ਿਕਾਇਤ ’ਤੇ ਹੀ ਚੈਕਿੰਗ ਲਈ ਖੁਦ ਪਹੁੰਚ ਗਏ ਕੈਬਨਿਟ ਮੰਤਰੀ
ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਪਰ ਵਿਰੋਧੀ ਧਿਰਾਂ ਦੇ ਲੀਡਰ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ ਪਰ ਇਸ ਵੇਲੇ ਕਈ ਕੁਝ ਬਦਲਿਆ ਨਜ਼ਰ ਆ ਰਿਹਾ ਹੈ।

ਅੰਮ੍ਰਿਤਸਰ: ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਪਰ ਵਿਰੋਧੀ ਧਿਰਾਂ ਦੇ ਲੀਡਰ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ ਪਰ ਇਸ ਵੇਲੇ ਕਈ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਇਸ ਦੀ ਮਿਸਾਲ ਇੱਕ ਵਾਰ ਫਿਰ ਮਿਲੀ ਜਦੋਂ ਬੱਸਾਂ ਨਾ ਰੁਕਣ ਦੀ ਸ਼ਿਕਾਇਤ ’ਤੇ ਹੀ ਕੈਬਨਿਟ ਮੰਤਰੀ ਖੁਦ ਚੈਕਿੰਗ ਕਰਨ ਲਈ ਪੁੱਜ ਗਏ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਇਸ ਕਾਰਵਾਈ ਲਈ ਸੋਸ਼ਲ ਮੀਡੀਆ ਉੱਪਰ ਕਾਫੀ ਪ੍ਰਸੰਸਾ ਹੋ ਰਹੀ ਹੈ।
ਦੱਸ ਦਈਏ ਕਿ ਜੀਟੀ ਰੋਡ ’ਤੇ ਸਥਿਤ ਜੰਡਿਆਲਾ ਗੁਰੂ ਬੱਸ ਅੱਡੇ ’ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੁੱਧਵਾਰ ਨੂੰ ਸਵੇਰੇ ਅਚਨਚੇਤ ਜਾਂਚ ਕੀਤੀ। ਬੀਤੇ ਦਿਨੀਂ ਸ਼ਹਿਰ ਵਾਸੀਆਂ ਨੇ ਕੈਬਨਿਟ ਮੰਤਰੀ ਨੂੰ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਹਰਭਜਨ ਸਿੰਘ ਨੇ ਜੰਡਿਆਲਾ ਗੁਰੂ ਦੇ ਬੱਸ ਅੱਡਾ ਇੰਚਾਰਜ ਨੂੰ ਇਹ ਸਮੱਸਿਆ ਹੱਲ ਕਰਨ ਦੇ ਹੁਕਮ ਦਿੱਤੇ ਸਨ।
ਇਸੇ ਤਹਿਤ ਅੱਜ ਮੰਤਰੀ ਨੇ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਕੁਝ ਵਿਦਿਆਰਥੀ, ਔਰਤਾਂ ਤੇ ਮੁਲਾਜ਼ਮ ਅੱਡੇ ’ਤੇ ਬੱਸਾਂ ਉਡੀਕ ਰਹੇ ਸਨ ਪਰ ਦੋ ਬੱਸਾਂ ਅੱਡੇ ’ਤੇ ਨਾ ਆ ਕੇ ਪੁਲ ਉਪਰੋਂ ਲੰਘ ਗਈਆਂ। ਕੈਬਨਿਟ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅੱਡਾ ਇੰਚਾਰਜ ਨੂੰ ਤਲਬ ਕਰਦਿਆਂ ਜਨਰਲ ਮੈਨੇਜਰ ਨੂੰ ਉਸ ਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਜਨਤਕ ਥਾਵਾਂ ’ਤੇ ਸਫਾਈ ਰੱਖਣ ਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨ ਦੇ ਵੀ ਹੁਕਮ ਕੀਤੇ।
ਇਸ ਮੌਕੇ ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਸਵਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬੱਸ ਅੱਡਿਆਂ ਦੀ ਅਚਨਚੇਤ ਜਾਂਚ ਕਰਦੇ ਰਹਿਣਗੇ। ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਮਨਿੰਦਰਪਾਲ ਸਿੰਘ ਨੇ ਦੱਸਿਆ ਡਿਊਟੀ ’ਤੇ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।






















