ਭਗਤ ਸਿੰਘ ਨੂੰ ਅੱਤਵਾਦੀ ਕਹਿ ਪੰਜਾਬੀਆਂ ਨੂੰ ਕੀਤਾ ਸ਼ਰਮਸਾਰ, ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਨੂੰ ਖਟਕੜ ਕਲਾਂ ਜਾ ਮਾਫ਼ੀ ਮੰਗਣ ਦੀ ਦਿੱਤੀ ਸਲਾਹ
ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ 'ਭਗਤ ਸਿੰਘ ਨੇ ਇੱਕ ਨੌਜਵਾਨ ਅੰਗਰੇਜ਼ ਅਫਸਰ ਤੇ ਇੱਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਨੂੰ ਮਾਰਿਆ ਸੀ। ਉਸ ਨੇ ਉਸੇ ਸਮੇਂ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱਤਵਾਦੀ ਸੀ ਜਾਂ ਭਗਤ।
ਮਾਨ ਦੇ ਇਸ ਬਿਆਨ ਮਗਰੋਂ ਵਿਰੋਧੀਆਂ ਨੇ ਸਾਂਸਦ ਨੂੰ ਨਿਸ਼ਾਨੇ 'ਤੇ ਲੈਣ 'ਚ ਦੇਰ ਨਾ ਲਾਈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਸਿਮਰਨਜੀਤ ਮਾਨ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ।
Simranjit Mann sahib, just as people of Sangrur repented choosing AAP government, they will do the same for you. The real you is surfacing and your inherent contempt for freedom fighters goes back to your grandparents times who were sympathisers of Britishers.1/2 pic.twitter.com/KQL44tm26y
— Amarinder Singh Raja Warring (@RajaBrar_INC) July 17, 2022
ਵੜਿੰਗ ਨੇ ਲਿਖਿਆ, "ਸਿਮਰਨਜੀਤ ਮਾਨ ਸਾਹਿਬ, ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ 'ਆਪ' ਦੀ ਸਰਕਾਰ ਚੁਣਨ ਤੋਂ ਤੋਬਾ ਕੀਤੀ ਹੈ, ਉਹ ਤੁਹਾਡੇ ਲਈ ਵੀ ਅਜਿਹਾ ਹੀ ਕਰਨਗੇ। ਤੁਹਾਡੀ ਅਸਲੀਅਤ ਸਾਹਮਣੇ ਆ ਰਹੀ ਹੈ ਤੇ ਆਜ਼ਾਦੀ ਘੁਲਾਟੀਆਂ ਲਈ ਤੁਹਾਡੀ ਅੰਦਰੂਨੀ ਨਫ਼ਰਤ ਤੁਹਾਡੇ ਦਾਦਾ-ਦਾਦੀ ਦੇ ਸਮੇਂ ਵਿੱਚ ਵਾਪਸ ਜਾ ਰਹੀ ਹੈ ਜੋ ਅੰਗਰੇਜ਼ਾਂ ਦੇ ਹਮਦਰਦ ਸਨ।ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ, ਬਸ ਇੰਤਜ਼ਾਰ ਕਰੋ।"
ਵੜਿੰਗ ਨੇ ਕਿਹਾ, "ਸਿਮਰਨਜੀਤ ਸਿੰਘ ਮਾਨ ਸਾਹਿਬ ਤੁਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਇੱਕ ਅੱਤਵਾਦੀ ਕਹਿ ਕੇ, ਨਾ ਸਿਰਫ਼ ਉਨਾਂ ਦਾ ਨਿਰਾਦਰ ਕੀਤਾ ਹੈ ਬਲਕਿ ਸਾਰੇ ਪੰਜਾਬੀਆਂ ਨੂੰ ਵੀ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਹੈ। ਤੁਸੀਂ ਅਪਣੀ ਪਾਰਿਵਾਰਿਕ ਵਿਰਾਸਤ ਨੂੰ ਵੀ ਅੱਗੇ ਵਧਾਇਆ ਹੈ। ਤੁਹਾਡੇ ਨਾਨਾ ਅਰੂੜ ਸਿੰਘ ਨੇ ਜਲਿਆਂਵਾਲਾ ਦੇ ਬੁੱਚੜ ਨੂੰ ਨਾ ਸਿਰਫ਼ ਸਿਰੋਪਾ ਭੇਂਟ ਕੀਤੀ ਸੀ ਬਲਕਿ ਅੰਗਰੇਜ਼ ਹਾਕਮਾਂ ਦੀ ਹਮੇਸ਼ਾ ਪੁਸ਼ਤ ਪਨਾਹੀ ਕੀਤੀ ਸੀ। ਤੁਸੀਂ ਪੰਜਾਬ ਦੇ ਸ਼ਹੀਦਾਂ ਬਾਰੇ ਕਿਉਂ ਮੰਦੇ ਸ਼ਬਦ ਬੋਲ ਰਹੇ ਹੋ, ਸਮਝ ਤੋਂ ਪਰੇ ਹੈ। ਪੰਜਾਬ ਦੀ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ, ਤੁਹਾਨੂੰ ਖਟਕੜ ਕਲਾਂ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਤੁਹਾਨੂੰ ਮਾਫ਼ ਨਹੀਂ ਕਰੇਗਾ।"