ਚੰਡੀਗੜ੍ਹ: ਸਾਲ 2019 ਦੀਆਂ ਲੋਕ ਸਭਾ ਚੋਣਾਂ ਇੱਕਪਾਸੜ ਨਹੀਂ ਹੋਣਗੀਆਂ। ਤਾਜ਼ਾ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਆਗਾਮੀ ਲੋਕ ਸਭਾ ਚੋਣਾਂ ਦੇ ਸਰਵੇਖਣਾਂ ਨੇ ਦੇਸ਼ ਦੀਆਂ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿੱਚ ਦੌੜ ਸ਼ੁਰੂ ਕਰ ਦਿੱਤੀ ਹੈ। ਦੋਵੇਂ ਪਾਰਟੀਆਂ ਆਪੋ-ਆਪਣੇ ਤਰੀਕੇ ਨਾਲ ਚੋਣ ਮੁਹਿੰਮ ਸ਼ੁਰੂ ਕਰ ਚੁੱਕੀਆਂ ਹਨ, ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸਤ ਕਰਕੇ ਅਸੂਲਾਂ ਦੀ ਕੁਰਬਾਨੀ ਦੇਣੀ ਪਵੇਗੀ। ਅਸੂਲ ਤੋੜਨ ਪਿੱਛੇ ਉਨ੍ਹਾਂ ਦੀ ਪਤਨੀ ਹੀ ਕਾਰਨ ਬਣੇਗੀ।
ਪਿਛਲੀ ਵਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਸੂਲ ਬਣਾਇਆ ਸੀ ਕਿ ਹਰ ਘਰ ਵਿੱਚ ਇੱਕ ਹੀ ਸਿਆਸੀ ਅਹੁਦਾ ਹੋਵੇਗਾ, ਪਰ ਹੁਣ ਸਾਬਕਾ ਮੰਤਰੀ ਪਰਨੀਤ ਕੌਰ ਕਰਕੇ ਹੀ ਉਨ੍ਹਾਂ ਦਾ ਇਹ ਅਸੂਲ ਟੁੱਟਣ ਜਾ ਰਿਹਾ ਹੈ। ਮੁੱਖ ਮੰਤਰੀ ਦੇ ਪਤਨੀ ਪ੍ਰਨੀਤ ਕੌਰ ਨੇ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹ ਲੋਕ ਸਭਾ ਹਲਕਾ ਪਟਿਆਲਾ ਤੋਂ ਹੀ ਚੋਣ ਲੜਣਗੇ।


ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਪਟਿਆਲਾ ਦੀ ਹੀ ਰਹਿਣ ਵਾਲੀ ਹੈ ਤੇ ਲੋਕ ਸਭਾ ਚੋਣ ਪਟਿਆਲਾ ਤੋਂ ਹੀ ਲੜਨ ਦੀ ਇੱਛਾ ਰੱਖਦੀ ਹਾਂ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਆਖਰੀ ਫੈਸਲਾ ਪਾਰਟੀ ਹਾਈਕਮਾਨ ਹੀ ਲਵੇਗੀ ਪਰ ਆਪਣੀ ਇੱਛਾ ਦੱਸਦਿਆਂ ਪਟਿਆਲਾ ਹਲਕੇ ਤੋਂ ਲੜਨ ਦੀ ਗੱਲ ਕਹੀ।

ਕਿਸਾਨਾਂ ਦਾ ਕਰਜ਼ਾ ਲੋਕ ਸਭਾ ਚੋਣਾਂ ਦਾ ਮੁੱਖ ਮੁੱਦਾ ਬਣ ਚੁੱਕਿਆ ਹੈ ਤੇ ਪ੍ਰਨੀਤ ਕੌਰ ਨੇ ਮੋਦੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਦਿੱਤੇ ਬਿਆਨ 'ਤੇ ਕਿਹਾ ਕਿ ਮੋਦੀ ਸਰਕਾਰ ਨੇ ਖ਼ੁਦ ਕੁਝ ਕੀਤਾ ਨਹੀਂ ਤੇ ਕੁਝ ਕਰਨ ਵਾਲੀ ਪੰਜਾਬ ਸਰਕਾਰ ਨੂੰ ਨਿੰਦਣ 'ਤੇ ਜ਼ੋਰ ਦਿੱਤਾ ਹੋਇਆ ਹੈ। ਪ੍ਰਨੀਤ ਕੌਰ ਨੇ ਡਾ. ਮਨਮੋਹਨ ਸਿੰਘ 'ਤੇ ਬਣੀ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਨੂੰ ਵੀ ਬੀਜੇਪੀ ਦੀ ਹੀ ਇੱਕ ਸਾਜ਼ਿਸ਼ ਦੱਸਿਆ।

ਪ੍ਰਨੀਤ ਕੌਰ ਨੇ ਕਿਹਾ ਕਿ ਬੀਜੇਪੀ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਫ਼ਿਲਮ ਨੂੰ ਰਿਲੀਜ਼ ਕਰ ਕੇ ਕਾਂਗਰਸ 'ਤੇ ਸਿਆਸੀ ਵਾਰ ਕਰ ਰਹੀ ਹੈ। ਪ੍ਰਨੀਤ ਕੌਰ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ।