ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਵੱਲੋਂ ਰੇਲ ਟ੍ਰੈਕ ਪੂਰੀ ਤਰ੍ਹਾਂ ਖਾਲੀ ਨਾ ਕਰਨ ਦੇ ਫੈਸਲੇ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਰੇਲ ਰੋਕੋ ਅੰਦੋਲਨ ਕਾਰਨ ਪੰਜਾਬ 'ਚ ਪਿਛਲੇ ਡੇਢ ਮਹੀਨੇ ਤੋਂ ਟ੍ਰੇਨਾਂ ਬੰਦ ਹਨ। ਜਿਸ ਨਾਲ ਭਾਰੀ ਮੁਸ਼ਕਲ ਅਤੇ ਕਈ ਚੀਜ਼ਾਂ ਦੀ ਘਾਟ ਪੈਦਾ ਹੋ ਗਈ ਹੈ। ਕੈਪਟਨ ਨੇ ਕਿਸਾਨਾਂ ਨੂੰ ਅੜੀਅਲ ਰਵੱਈਆ ਛੱਡਣ ਲਈ ਕਿਹਾ।

ਕਿਸਾਨ ਯੂਨੀਅਨਾਂ ਵੱਲੋਂ ਬੁੱਧਵਾਰ ਦੀ ਮੀਟਿੰਗ ਦੌਰਾਨ ਲਏ ਗਏ ਫੈਸਲੇ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਕਿਸਾਨ ਪੰਜਾਬ ਦੇ ਹਿੱਤ ਵਿੱਚ ਆਪਣੀ ਨਿਰਵਿਘਨ ਪਹੁੰਚ ਤੋਂ ਪਿੱਛੇ ਹਟਣਗੇ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਇਹ ਸਮਝਣਾ ਪਏਗਾ ਕਿ ਉਨ੍ਹਾਂ ਦੀ ਨਿਰੰਤਰ ਨਾਕਾਬੰਦੀ ਨੇ ਪੰਜਾਬ ਲਈ ਆਮ ਕੰਮਕਾਜ ‘ਤੇ ਰੋਕ ਲਗਾ ਦਿੱਤੀ ਹੈ, ਜੋ ਕਿ ਮਹਾਮਾਰੀ ਕਾਰਨ ਪਹਿਲਾਂ ਹੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦਾ ਫੈਸਲਾ ਕਰ ਲਿਆ ਹੈ।ਕਿਸਾਨ ਵੱਡੀ ਗਿਣਤੀ ਵਿੱਚ 26 ਤਰੀਖ ਨੂੰ ਦਿੱਲੀ ਵੱਲ ਕੂਚ ਕਰਨਗੇ।ਕਿਸਾਨ ਜੱਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਨਾਲ ਦਿੱਲੀ ਵੱਲ ਕੂਚ ਕਰਨ ਦੌਰਾਨ ਰਸਤੇ ਵਿੱਚ ਮੱਥਾ ਨਾ ਲਾਇਆ ਜਾਏ।ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਲੜ੍ਹਾਈ ਕਿਸੇ ਹੋਰ ਨਾਲ ਨਹੀਂ ਕੇਂਦਰ ਸਰਕਾਰ ਨਾਲ ਹੈ।

ਪੰਜਾਬ ਅੰਦਰ ਰੇਲ ਆਵਾਜਾਈ ਤੇ ਕਿਸਾਨਾਂ ਨੇ ਕਿਹਾ ਕਿ ਫਿਲਹਾਲ ਮਾਲ ਗੱਡੀਆਂ ਲਈ ਰਾਹ ਖੁੱਲ੍ਹਾ ਹੈ।ਸਰਕਾਰ ਮਾਲ ਗੱਡੀਆਂ ਚਲਾਵੇ ਯਾਤਰੀ ਟ੍ਰੇਨਾਂ ਬਾਰੇ ਬਾਅਦ 'ਚ ਫੈਸਲਾ ਕੀਤਾ ਜਾਏਗਾ।ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ 13 ਨਵੰਬਰ ਨੂੰ ਦਿੱਲੀ ਵਿੱਚ ਬੈਠਕ ਕੀਤੀ ਸੀ ਜੋ ਬੇਸਿੱਟਾ ਰਹੀ। ਇਸ ਮੀਟਿੰਗ ਵਿੱਚ ਅਗਲੀ ਬੈਠਕ 21 ਨਵੰਬਰ ਨੂੰ ਤੈਅ ਕੀਤੀ ਗਈ ਸੀ।ਇਸ ਦੌਰਾਨ ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਆਪਣੀ ਮੀਟਿੰਗ ਰੱਖੀ ਸੀ।