ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਵਾਸੀਆਂ ਦੇ ਰੂ ਬ ਰੂ ਹੋਏ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਪੰਜਾਬ 'ਚ ਪਹਿਲਾਂ ਦੇ ਮੁਕਾਬਲੇ ਹਾਲਾਤ ਕਾਫੀ ਬਿਹਤਰ ਹਨ। ਉਨ੍ਹਾ ਨੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਿੱਥੇ ਪਹਿਲਾਂ ਰੋਜ਼ਾਨਾ 9000 ਦੇ ਕਰੀਬ ਕੋਰੋਨਾ ਪੌਜ਼ੇਟਿਵ ਮਾਮਲੇ ਆਉਂਦੇ ਸਨ ਉੱਥੇ ਹੀ ਹੁਣ ਇਨ੍ਹਾਂ ਮਾਮਲਿਆਂ ਦੀ ਦਰ ਘਟੀ ਹੈ ਤੇ ਇਹ ਸੂਬੇ ਲਈ ਰਾਹਤ ਵਾਲੀ ਗੱਲ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੌਤਾਂ ਵਧਣ ਦਾ ਕਾਰਨ ਇਹ ਹੈ ਕਿ ਲੋਕ ਤੀਜੀ ਸਟੇਜ 'ਤੇ ਪਹੁੰਚ ਕੇ ਇਲਾਜ ਸ਼ੁਰੂ ਕਰਦੇ ਹਨ ਜਦਕਿ ਸਮਾਂ ਰਹਿੰਦਿਆਂ ਹੀ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰੋ। ਮਾਸਕ ਪਹਿਨ ਕੇ ਰੱਖੋ, ਹੱਥ ਧੋਂਦੇ ਰਹੋ ਤੇ ਸੋਸ਼ਲ ਡਿਸਟੈਂਸਿੰਗ ਦੀ ਵਰਤੋ ਕਰੋ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਸਟੌਕ ਦੀ ਸਮੱਸਿਆ ਹੈ ਕੇਂਦਰ ਕੋਲ ਲੋੜੀਂਦਾ ਸਟੌਕ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਘਾਟ ਵੀ ਵੱਡੀ ਸਮੱਸਿਆ ਹੈ ਪਰ ਅਸੀਂ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ 'ਚ ਜੁੱਟੇ ਹੋਏ ਹਾਂ। ਉਨ੍ਹਾਂ ਪਿੰਡਾਂ ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਪੱਧਰ 'ਤੇ ਪਹਿਰੇ ਲਾਓ। ਕੋਈ ਬਾਹਰੀ ਕੋਰੋਨਾ ਪੌਜ਼ੇਟਿਵ ਵਿਅਕਤੀ ਤੁਹਾਡੇ ਪਿੰਡ 'ਚ ਨਾ ਆਵੇ।
ਕੈਪਟਨ ਨੇ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਵੀ ਖ਼ਬਰਦਾਰ ਕੀਤਾ ਕਿ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਮੈਂ ਇਸ 'ਤੇ ਸਖਤੀ ਕਰਾਂਗਾ। ਉਨ੍ਹਾਂ ਕਿਹਾ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਲੁੱਟਣ ਯਾਨੀ ਕਿ ਜ਼ਿਆਦਾ ਪੈਸੇ ਲੈਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਵੱਧ ਫੀਸਾਂ ਲੈਣ ਵਾਲਿਆਂ 'ਤੇ ਵੀ ਸਖਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਅਜਿਹਾ ਪਤਾ ਲੱਗਿਆ ਤਾਂ ਮੈਂ ਹਸਪਤਾਲ ਬੰਦ ਕਰਵਾ ਦਿਆਂਗਾ।
ਕੈਪਟਨ ਨੇ ਕਿਹਾ ਪੰਜਾਬ ਕਿਸੇ ਲਈ ਆਪਣਾ ਦਰਵਾਜ਼ਾ ਬੰਦ ਨਹੀਂ ਕਰੇਗਾ। ਹਰ ਕਿਸੇ ਲਈ ਇੱਥੇ ਜੋ ਸੰਭਵ ਹੈ ਜੋ ਇਲਾਜ ਕੀਤਾ ਜਾ ਸਕਦਾ ਅਸੀਂ ਕਰਾਂਗੇ। ਕੈਪਟਨ ਨੇ ਕਿਹਾ ਕੋਈ ਪੰਜਾਬੀ ਭੁੱਖਾ ਨਹੀਂ ਸੌਂਵੇਗਾ। ਪੰਜਾਬ ਪੁਲਿਸ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਜਿਸ ਨੂੰ ਖਾਣੇ ਦੀ ਲੋੜ ਹੈ ਉਹ ਸੰਪਰਕ ਕਰ ਸਕਦਾ ਹੈ।
ਖਾਣੇ ਦੇ ਪ੍ਰਬੰਧ ਲਈ ਰਾਸ਼ਨ ਦੇ ਬੈਗ ਤਿਆਰ ਕੀਤੇ ਜਾ ਰਹੇ ਹਨ। ਇਸ ਲਈ 10 ਕਿੱਲੋ ਆਟਾ ਜਾਂ ਕਣਕ, ਛੋਲੇ ਜਾਂ ਖੰਡ ਆਦਿ ਦਿੱਤਾ ਜਾਵੇਗਾ। ਜੇਕਰ ਇਕ ਪਰਿਵਾਰ 'ਚ ਛੇ ਜਾਣੇ ਹਨ ਤਾਂ ਪਰਿਵਾਰ 'ਚ ਛੇ ਬੈਗ ਦਿੱਤੇ ਜਾਣਗੇ। ਕੈਪਟਨ ਨੇ ਕਿਹਾ ਇਹ ਫਤਹਿ ਕਿੱਟ ਸੁਵਿਧਾ ਉਨ੍ਹਾਂ ਗਰੀਬਾਂ, ਦਿਹਾੜੀਦਾਰਾਂ ਲਈ ਹੈ ਜੋ ਕੋਰੋਨਾ ਪੌਜ਼ੇਟਿਵ ਆਉਣ ਦੇ ਡਰੋਂ ਟੈਸਟ ਨਹੀਂ ਕਰਵਾਉਂਦੇ ਕਿ ਜੇਕਰ ਅਸੀਂ ਪੌਜ਼ੇਟਿਵ ਆ ਗ ਤਾਂ ਸਾਡੇ ਬੱਚਿਆਂ ਨੂੰ ਰੋਟੀ ਕੌਣ ਦੇਵੇਗਾ।
ਕੈਪਟਨ ਨੇ ਕਿਹਾ 'ਜੇਕਰ ਤੁਸੀਂ ਆਪਣੇ ਪਰਿਵਾਰ, ਆਪਣੇ ਪਿੰਡ, ਆਪਣਿਆਂ ਨੂੰ ਬਚਾਉਣਾ ਹੈ ਤਾਂ ਜੋ ਡਾਕਟਰਾਂ ਨੇ ਕਿਹਾ ਉਹ ਕਰੋ। ਬਾਕੀ ਕੰਮ ਸਰਕਾਰ ਦਾ ਹੈ।' ਇਸ ਤੋਂ ਪਹਿਲਾਂ ਅੱਜ ਪੰਜਾਬ 'ਚ 31 ਮਈ ਤਕ ਕੋਰੋਨਾ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ।