ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਸ਼ਾਮ ਨੂੰ ਓਲੰਪਿਕ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਰਾਤ ਦਾ ਖਾਣਾ ਖੁਆਉਣਗੇ। ਪੰਜਾਬ ਸਰਕਾਰ ਦੀ ਤਰਫੋਂ ਐਵਾਰਡ ਸਮਾਰੋਹ ਦੌਰਾਨ ਕੈਪਟਨ ਨੇ ਇਸ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।


ਦੱਸਿਆ ਗਿਆ ਹੈ ਕਿ ਪੰਜਾਬ ਦੇ ਓਲੰਪਿਕ ਤਗਮਾ ਜੇਤੂਆਂ ਦੇ ਨਾਲ-ਨਾਲ ਹਰਿਆਣਾ ਦੇ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ ਹੋਣਗੇ। ਨੀਰਜ ਚੋਪੜਾ ਓਲੰਪਿਕ ਖਿਡਾਰੀਆਂ ਦੇ ਸਨਮਾਨ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਤੋਂ ਇਲਾਵਾ ਮੁਕਤਸਰ ਦੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ, ਜੋ ਮੈਡਲ ਤੋਂ ਖੁੰਝ ਗਈ ਸੀ, ਵੀ ਸ਼ਾਮਲ ਹੋਵੇਗੀ।


ਕੈਪਟਨ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਰਾਤ ਦੇ ਖਾਣੇ 'ਚ ਪਟਿਆਲਾ ਕੁਜ਼ੀਨ ਤੋਂ ਲੈ ਕੇ ਪੁਲਾਓ, ਮਟਨ, ਚਿਕਨ ਵਰਗੇ ਲਜ਼ੀਜ਼ ਪਕਵਾਨ ਹੋਣਗੇ, ਜਿਨ੍ਹਾਂ ਨੂੰ ਮੁੱਖ ਮੰਤਰੀ ਖੁਦ ਤਿਆਰ ਕਰਨਗੇ। ਉਨ੍ਹਾਂ ਨੇ ਕੈਪਟਨ ਦੀ ਇਕ ਫ਼ਾਈਲ ਫ਼ੋਟੋ ਵੀ ਟਵੀਟ ਕੀਤੀ ਹੈ, ਜਿਸ 'ਚ ਕੈਪਟਨ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਖਾਣਾ ਪਕਾਉਣ ਦੇ ਬਹੁਤ ਸ਼ੌਕੀਨ ਹਨ।






ਐਵਾਰਡ ਸਮਾਰੋਹ 'ਚ ਕੈਪਟਨ ਨੇ ਕਮਲਪ੍ਰੀਤ ਕੌਰ ਦਾ ਨਾਂਅ ਲੈਂਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਕਮਲਪ੍ਰੀਤ ਦੇ ਸਾਰੇ ਥ੍ਰੋਅ ਵੇਖੇ ਹਨ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਮਲਪ੍ਰੀਤ ਦੀ ਇੱਛਾ ਹੈ ਕਿ ਉਹ ਵਧੀਆ ਖਾਣਾ ਖਾਏ। ਮੁੱਖ ਮੰਤਰੀ ਕੈਪਟਨ ਖਾਣਾ ਖਾਣ ਦੇ ਸ਼ੌਂਕ ਨਾਲੋਂ ਖਾਣਾ ਪਕਾਉਣ ਦੇ ਵੱਧ ਸ਼ੌਕੀਨ ਹਨ। ਇਸ ਲਈ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਬਣਾਏ ਪਕਵਾਨ ਖੁਆਉਣਗੇ।


ਕੈਪਟਨ ਦੇ ਡਿਨਰ 'ਚ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮਰਦ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਖਿਡਾਰੀ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਵੀ ਸ਼ਾਮਲ ਹੋ ਸਕਦੀ ਹੈ।