ਕੈਪਟਨ ਨੇ ਬਣਾਇਆ ਅਸਤੀਫਿਆਂ ਦਾ ਰਿਕਾਰਡ, ਹਰ ਵਾਰ ਕੀਤਾ ਵੱਡਾ ਧਮਾਕਾ
ਪਹਿਲਾ ਅਸਤੀਫ਼ਾ 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਦਿੱਤਾ ਸੀ। ਉਦੋਂ ਉਹ 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ।
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚਰਚਾ ਵਿੱਚ ਹਨ। ਉਹ ਹੁਣ ਆਪਣੇ ਵਿਰੋਧੀਆਂ ਦੇ ਨਾਲ ਹੀ ਹਾਈਕਮਾਨ ਵੱਲ ਵੀ ਧੂੰਆਂਧਾਰ ਹਮਲੇ ਕਰ ਰਹੇ ਹਨ। ਕੈਪਟਨ ਦੇ ਸਿਆਸੀ ਸਫਰ 'ਤੇ ਨਿਗ੍ਹਾ ਮਾਰੀਏ ਤਾਂ ਉਨ੍ਹਾਂ ਨੇ ਕਈ ਵਾਰ ਅਸਤੀਫਾ ਦੇ ਕੇ ਵੱਡਾ ਧਮਾਕਾ ਕੀਤਾ ਹੈ।
ਉਨ੍ਹਾਂ ਨੇ ਪਹਿਲਾ ਅਸਤੀਫ਼ਾ 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਦਿੱਤਾ ਸੀ। ਉਦੋਂ ਉਹ 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ ਪਰ ਆਪਣੀ ਹੀ ਪਾਰਟੀ ਦੀ ਕੇਂਦਰੀ ਸਰਕਾਰ ਦੀ ਅਧੀਨਗੀ ’ਚ ਹੋਏ ਇਸ ਹਮਲੇ ਦੇ ਰੋਸ ਵਜੋਂ ਉਨ੍ਹਾਂ ਨਾ ਸਿਰਫ਼ ਲੋਕ ਸਭਾ ਬਲਕਿ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਤੇ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਬਰਨਾਲਾ ਸਰਕਾਰ ’ਚ ਕੈਬਨਿਟ ਮੰਤਰੀ ਬਣੇ। ਇਸ ਦੌਰਾਨ ਅਪਰੈਲ 1986 ’ਚ ਹੋਏ ਬਲੈਕ ਥੰਡਰ (ਸ੍ਰੀ ਹਰਿਮੰਦਰ ਸਾਹਿਬ ’ਚ ਪੁਲੀਸ ਦਾਖਲ ਹੋਣਾ) ਦੇ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸੇ ਤਰ੍ਹਾਂ 2014 ’ਚ ਅੰਮ੍ਰਿਤਸਰ ਤੋਂ ਕਾਂਗਰਸ ਤਰਫ਼ੋਂ ਲੋਕ ਸਭਾ ਮੈਂਬਰ ਚੁਣੇ ਜਾਣ ’ਤੇ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਹੋਈ ਜਿਮਨੀ ਚੋਣ ਦੌਰਾਨ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ ਪਰ 2017 ’ਚ ਮੁੜ ਪਟਿਆਲਾ ਤੋਂ ਵਿਧਾਇਕ ਚੁਣੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
ਅਮਰਿੰਦਰ ਸਿੰਘ 1963 ਵਿਚ ਆਰਮੀ ’ਚ ਅਫਸਰ ਭਰਤੀ ਹੋ ਗਏ ਸਨ ਪਰ ਸਿਆਸਤ ਦੀ ਚੇਟਕ ਤਹਿਤ ਉਹ ਦੋ ਸਾਲਾਂ ਮਗਰੋਂ 1965 ਵਿੱਚ ਨੌਕਰੀ ਛੱਡਦਿਆਂ, ਅਸਤੀਫ਼ਾ ਦੇ ਕੇ ਆ ਗਏ ਸਨ। ਉਂਜ ਉਨ੍ਹਾਂ ਭਾਰਤ-ਪਾਕਿਸਤਾਨ ਦੀ ਜੰਗ ਲੱਗਣ ਕਰਕੇ ਫੌਜ ’ਚ ਵਾਪਸ ਜਾ ਕੇ ਆਪਣੀ ਡਿਊਟੀ ਸੰਭਾਲ ਲਈ ਸੀ। ਫਿਰ ਜੰਗ ਮੁੱਕਣ ਮਗਰੋਂ ਮੁੜ ਨੌਕਰੀ ਛੱਡ ਕੇ ਘਰ ਆ ਗਏ ਸਨ।