ਕੋਰੋਨਾ ਦਾ ਸਾਇਆ! 400 ਸਾਲਾ ਸਮਾਗਮ 'ਚ ਕੈਪਟਨ ਹੋਣਗੇ ਵਰਚੁਅਲ ਸ਼ਾਮਲ
ਗੁਰਪੁਰਬ ਸਮਾਗਮ ਸਵੇਰੇ 11 ਵਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਤੋਂ ਅਰੰਭ ਹੋਣਗੇ, ਜਿਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

ਚੰਡੀਗੜ੍ਹ: ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਮਈ (ਸ਼ਨੀਵਾਰ) ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਵਰਚੁਅਲ ਤੌਰ ’ਤੇ ਸੰਗਤਾਂ ਨਾਲ ਅਰਦਾਸ ’ਚ ਸ਼ਾਮਲ ਹੋਣਗੇ।
ਇਸ ਇਤਿਹਾਸਕ ਮੌਕੇ ਪੂਰਾ ਦਿਨ ਚੱਲਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਬਿਆਨ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਗੁਰਪੁਰਬ ਸਮਾਗਮ ਸਵੇਰੇ 11 ਵਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਤੋਂ ਅਰੰਭ ਹੋਣਗੇ, ਜਿਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ 11.45 ਵਜੇ ਸ੍ਰੀ ਅਨੰਦ ਸਾਹਿਬ ਦੇ ਪਾਠ ਹੋਣਗੇ ਤੇ ਉਸ ਪਿੱਛੋਂ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ।
ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਸੈਰ ਸਪਾਟਾ ਮੰਤਰੀ ਵੱਲੋਂ ਇਸ ਮੌਕੇ ਦੁਪਹਿਰ 12.05 ਵਜੇ ਆਪਣੀ ਰਿਹਾਇਸ਼ ਤੋਂ ਸੰਬੋਧਨ ਕੀਤਾ ਜਾਵੇਗਾ ਅਤੇ ਉਸ ਪਿੱਛੋਂ 12.10 ਵਜੇ ਮੁੱਖ ਮੰਤਰੀ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਪਿੱਛੋਂ ਵੱਖੋ-ਵੱਖ ਟੀ.ਵੀ ਚੈਨਲਾਂ/ਡਿਜੀਟਲ ਪਲੈਟਫਾਰਮਾਂ ਉੱਤੇ ਵਿਸ਼ੇਸ਼ ਰੂਪ ਵਿਚ ਗੁਰਬਾਣੀ ਕੀਰਤਨ/ਗੁਰਮਤਿ ਸੰਗੀਤ ਦਾ ਸਿੱਧਾ ਪ੍ਰਸਾਰਨ ਹੋਵੇਗਾ।
ਇਸ ਦੇ ਅਰੰਭ ਵਿਚ ਭਾਈ ਮਨਜੀਤ ਸਿੰਘ ਸ਼ਾਂਤ ਤੇ ਡਾ. ਨਿਵੇਦਿਤਾ ਉੱਪਲ ਵੱਲੋਂ ਗੁਰਮਤਿ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਪਿੱਛੋਂ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਭਾਈ ਸੁਖਜਿੰਦਰ ਸਿੰਘ, ਭਾਈ ਅਰਵਿੰਦਰ ਸਿੰਘ ਨੂਰ, ਭਾਈ ਤਾਰ ਬਲਬੀਰ ਸਿੰਘ ਤੇ ਭਾਈ ਬਲਵੰਤ ਸਿੰਘ ਨਾਮਧਾਰੀ ਵੱਲੋਂ ਦੁਪਹਿਰ 12.30 ਤੋਂ ਸ਼ਾਮ 7.30 ਵਜੇ ਤੱਕ ਕੀਰਤਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਇਨਾਂ ਇਤਿਹਾਸਕ ਜਸ਼ਨਾਂ ਦੀ ਨਿਗਰਾਨੀ ਲਈ ਸਥਾਪਤ ਕੀਤੀ ਕਾਰਜਕਾਰੀ ਕਮੇਟੀ ਵੱਲੋਂ 23 ਅਪ੍ਰੈਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਸ਼ਨ ਵਰਚੁਅਲ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਕਿਉਂ ਜੋ ਸੂਬੇ ਵਿਚ ਕੋਵਿਡ ਦੇ ਮਾਮਲਿਆਂ ਵਿਚ ਬੇ-ਤਹਾਸ਼ਾ ਵਾਧਾ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਵੀ ਲੋਕਾਂ ਨੂੰ ਇਹ ਸਮਾਗਮ ਟੀ.ਵੀ. ਉੱਤੇ ਵੇਖ ਕੇ ਆਪਣੇ ਘਰਾਂ ਤੋਂ ਹੀ ਅਰਦਾਸ ਕਰਨ ਦੀ ਅਪੀਲ ਕੀਤੀ ਸੀ ਅਤੇ ਇਸ ਹੰਗਾਮੀ ਹਾਲਤ ਦੇ ਮੱਦੇਨਜ਼ਰ ਧਾਰਮਿਕ ਥਾਵਾਂ ’ਤੇ ਇਕੱਠ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਸੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















