ਚੰਡੀਗੜ੍ਹ: ਪਿਛਲੀ ਦਿਨੀਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ ਕੈਪਟਨ ਪੂਰੇ ਪੰਜਾਬ ਦੀ ਬਜਾਏ ਪਟਿਆਲਾ ਤੇ ਫੌਜੀਆਂ ਦੇ ਦੁਆਲੇ ਹੋਏ ਹਨ। ਉਹ ਪਟਿਆਲਾ ਜਾਂ ਫੌਜੀਆਂ ਦੇ ਨਹੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹਨ। ਸਚਮੁੱਚ ਕੈਪਟਨ ਸਰਕਾਰ ਸਾਬਕਾ ਫੌਜੀਆਂ ਵੱਲ ਉਚੇਚਾ ਧਿਆਨ ਦੇ ਰਹੀ ਹੈ। ਇਸੇ ਲਈ ਫੌਜੀਆਂ ਨੂੰ ਸਰਕਾਰੀ ਸਕੀਮਾਂ 'ਚ ਭ੍ਰਿਸ਼ਟਾਚਾਰ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫ. ਜਨਰਲ ਟੀ.ਐਸ. ਸ਼ੇਰਗਿੱਲ (ਸੇਵਾ ਮੁਕਤ) ਨੇ ਕਿਹਾ ਹੈ ਕਿ ਦੇਸ਼ ਦੇ ਕਿਸੇ ਰਾਜ ਵਿੱਚ ਪਹਿਲੀ ਵਾਰ ਸਰਕਾਰ ਸਾਬਕਾ ਫੌਜੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਵੇਲੇ ਹੋਣ ਵਾਲੀਆਂ ਕੁਤਾਹੀਆਂ ਲਈ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ, ਤਹਿਸੀਲ ਤੇ ਪਿੰਡ ਪੱਧਰ 'ਤੇ ਤਾਇਨਾਤ ਕੀਤੇ ਜਾਣ ਵਾਲੇ ਸਾਬਕਾ ਫੌਜੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਕੇਂਦਰ ਦੀ ਯੋਜਨਾ ਹੋਵੇ ਜਾਂ ਰਾਜ ਸਰਕਾਰ ਦੀ ਅਕਸਰ ਵੇਖਿਆ ਜਾਂਦਾ ਹੈ ਕਿ ਇੱਕ ਰੁਪਏ 'ਚੋਂ ਸਿਰਫ਼ 15 ਪੈਸੇ ਹੀ ਅਖੀਰਲੇ ਲਾਭਪਾਤਰੀ ਤੱਕ ਪੁਜੱਦੇ ਹਨ। ਜੇਕਰ ਇਹੋ ਪੈਸਾ ਠੀਕ ਤਰੀਕੇ ਨਾਲ ਲੱਗ ਜਾਵੇ ਤਾਂ 6 ਸਾਲ ਦਾ ਕੰਮ ਇੱਕ ਸਾਲ ਵਿੱਚ ਹੋ ਸਕਦਾ ਹੈ।

ਉਨ੍ਹਾਂ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਉਹ ਯੋਧੇ ਹਨ ਤੇ ਲੀਡਰ ਵੀ ਹਨ। ਇਸ ਕਰਕੇ ਉਨ੍ਹਾਂ ਨੂੰ ਚੁਣਿਆ ਗਿਆ ਹੈ। ਹੁਣ ਪੰਜਾਬ ਦੀ ਖੁਸ਼ਹਾਲੀ ਦੇ ਰਾਖਿਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਨਾ ਕੇਵਲ ਉਹ ਸਰਕਾਰੀ ਸਕੀਮਾਂ 'ਤੇ ਨਜ਼ਰ ਰੱਖਣ ਬਲਕਿ ਪਿੰਡ ਪੱਧਰ 'ਤੇ ਸਰਕਾਰੀ ਯੋਜਨਾ ਨੂੰ ਲਾਗੂ ਕਰਨ ਵੇਲੇ ਦਿਖਾਈ ਦੇਣ ਵਾਲੀਆਂ ਕਮੀਆਂ 'ਤੇ ਵੀ ਨਜ਼ਰ ਰੱਖਣ ਜੇਕਰ ਕੋਈ ਕੰਮ ਠੀਕ ਹੋ ਰਿਹਾ ਹੈ ਤਾਂ ਉਸ ਦੀ ਵੀ ਰਿਪੋਰਟ ਸਰਕਾਰ ਨੂੰ ਕਰਨ।

ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ 'ਚ ਭ੍ਰਿਸ਼ਟਾਚਾਰ ਨਾ ਹੋਵੇ, ਫੰਡ ਦਾ ਸੁਚੱਜਾ ਪ੍ਰਬੰਧ ਹੋਵੇ ਤੇ ਹਰ ਲਾਭਪਾਤਰੀ ਕੋਲ ਯੋਜਨਾ ਪਹੁੰਚੇ ਇਸ ਦੀ ਲਗਾਤਾਰ ਫੀਡ ਬੈਕ ਦੇਣ ਦਾ ਕੰਮ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫੌਜੀਆਂ ਨੂੰ ਸੌਂਪਿਆ ਹੈ।