ਅਮਨਦੀਪ ਦੀਕਸਿ਼ਤ 

ਚੰਡੀਗੜ੍ਹ: ਪੰਜਾਬ ਦੇ ਗੈਂਗਸਟਰ ਪਾਕਿਸਤਾਨ ਦੇ ਸੰਪਰਕ ਵਿੱਚ ਵੀ ਸਨ। ਐਨਕਾਊਂਟਰ ਤੋਂ ਬਾਅਦ ਮੌਕੇ ਤੋਂ ਬਰਾਮਦ ਹੋਏ ਮੋਬਾਈਲ ਫੋਨਾਂ ਵਿੱਚ ਪਾਕਿਸਤਾਨ ਦੇ ਨੰਬਰ ਮਿਲੇ ਹਨ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਪਾਕਿਸਤਾਨ ਦੇ ਆਈਐਸਆਈ ਟ੍ਰੇਨਿੰਗ ਕੈਂਪ ਵਿੱਚ ਬੈਠੇ ਹਰਮੀਤ ਸਿੰਘ ਉਲਫ ਹੈਪੀ ਪੀਐਚਡੀ ਦੇ ਇਸ਼ਾਰੇ 'ਤੇ ਕੰਮ ਕਰਦੇ ਸੀ।

ਐਨਕਾਊਂਟਰ ਵਾਲਾ ਘਰ ਪਾਕਿ ਸਰਹੱਦ ਤੋਂ 6 ਕਿ.ਮੀ. ਦੂਰ: 

ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਗੌਂਡਰ ਵੱਲੋਂ ਹੋਈਆਂ ਹਾਈ ਪ੍ਰੋਫਾਈਲ ਵਾਰਦਾਤਾਂ ਵਿੱਚ ਆਈਐਸਆਈ ਦਾ ਹੱਥ ਹੋ ਸਕਦਾ ਹੈ ਕਿਉਂਕਿ ਗੌਂਡਰ, ਲਾਹੌਰੀਆ ਤੇ ਸੁਖਪ੍ਰੀਤ ਦਾ ਰਾਜਸਥਾਨ ਦੇ ਪਿੰਡ ਹਿੰਦੂਮਲਕੋਟ ਦੀ ਜਿਸ ਢਾਣੀ 'ਤੇ ਐਨਕਾਊਂਟਰ ਹੋਇਆ, ਉਹ ਪਾਕਿ ਬਾਰਡਰ ਤੋਂ ਸਿਰਫ 6 ਕਿਲੋਮੀਟਰ ਦੂਰ ਸੀ।

ਪੰਜਾਬ ਦੀ ਇੰਟੈਲੀਜੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੈਂਗਸਟਰਾਂ ਨੂੰ ਪਾਕਿਸਤਾਨ ਤੋਂ ਫੋਨ ਕਿੰਨੇ ਟਾਈਮ ਤੋਂ ਆ ਰਹੇ ਸੀ? ਇਨ੍ਹਾਂ ਦਾ ਇੰਟਰਨੈਸ਼ਨਲ ਬਾਰਡਰ 'ਤੇ ਲੁਕੇ ਰਹਿਣ ਦਾ ਕੀ ਰਾਜ਼ ਸੀ? ਜਲੰਧਰ ਵਿੱਚ ਆਰ.ਐਸ.ਐਸ. ਦੇ ਲੀਡਰ ਜਗਦੀਸ਼ ਗਗਨੇਜਾ ਦੇ ਕਤਲ ਮਗਰੋਂ ਪੰਜਾਬ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਲੁਧਿਆਣਾ ਦੇ ਗੋਸਾਈਂ ਕਤਲ ਕਾਂਡ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਆਰ.ਐਸ.ਐਸ. ਦੇ ਲੀਡਰਾਂ ਦੇ ਕਤਲ ਪਿੱਛੇ ਅੰਤਰਾਸ਼ਟਰੀ ਏਜੰਸੀਆਂ ਦਾ ਹੱਥ ਹੈ।

ਗੌਂਡਰ ਦੇ ਫੋਨ 'ਚ ਪਾਕਿਸਤਾਨ ਦੇ ਨੰਬਰ  

ਗੈਂਗਸਟਰਾਂ ਦੇ ਐਨਕਾਊਂਟਰ ਮਗਰੋਂ ਮੋਬਾਈਲ ਫੋਨਾਂ ਵਿੱਚੋਂ ਪਾਕਿਸਤਾਨ ਦੇ ਨੰਬਰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੁਰਾਣੇ ਖਾਲਿਸਤਾਨੀਆਂ ਤੋਂ ਇਲਾਵਾ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਦੇ ਗੈਂਗਸਟਰਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਹੈ। ਇੰਟੈਲੀਜੈਂਸ ਦੀ ਜਾਣਕਾਰੀ ਮੁਤਾਬਕ ਹਰਮੀਤ ਸਿੰਘ ਉਲਫ ਹੈਪੀ ਪੀਐਚਡੀ ਪਾਕਿਸਤਾਨ ਦੇ ਆੀਐਸਐਸ ਦੇ ਟ੍ਰੇਨਿੰਗ ਕੈਂਪ ਵਿੱਚ ਰਹਿੰਦਾ ਹੈ। ਪੰਜਾਬ ਵਿੱਚ ਹੋਣ ਵਾਲਿਆਂ ਹਾਈ ਪ੍ਰੋਫਾਈਲ ਵਾਰਦਾਤਾਂ ਦੀ ਸਾਜ਼ਿਸ਼ ਰਚਣ ਵਿੱਚ ਉਸ ਦਾ ਹੱਥ ਹੈ।

ਇੰਟੈਲੀਜੈਂਸ ਕਰ ਰਹੀ ਜਾਂਚ 

ਹਾਲਾਂਕਿ, ਗੌਂਡਰ ਦੇ ਐਨਕਾਊਂਟਰ ਦੀ ਤਫਤੀਸ਼ ਰਾਜਸਥਾਨ ਪੁਲਿਸ ਕਰ ਰਹੀ ਹੈ, ਪਰ ਇਨ੍ਹਾਂ ਗੈਂਗਸਟਰਾਂ ਦੇ ਆਈਐਸਆਈ ਕੁਨੈਕਸ਼ਨ ਬਾਰੇ ਪੰਜਾਬ ਦੀ ਇੰਟੈਲੀਜੈਂਸ ਬਰੀਕੀ ਨਾਲ ਜਾਂਚ ਰਹੀ ਹੈ। ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਨੇ 'ABP ਸਾਂਝਾ' ਨੂੰ ਕਿਹਾ ਬਰਾਮਦ ਹੋਏ ਮੋਬਾਈਲ ਫੋਨਾਂ ਤੇ ਹਥਿਆਰਾਂ ਦੀ ਜਾਂਚ ਜਾਰੀ ਹੈ। ਗੁਪਤਾ ਨੇ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਦੇ ਆਈਐਸਆਈ ਕੁਨੈਕਸ਼ਨ ਦੀ ਤਫਤੀਸ਼ ਵੀ ਪੰਜਾਬ ਪੁਲਿਸ ਕਰ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿੱਕੀ ਗੌਂਡਰ ਦਾ ਸਬੰਧ ਹਾਂਗਕਾਂਗ ਵਿੱਚ ਬੈਠੇ ਅੰਤਰਾਸ਼ਟਰੀ ਅੱਤਵਾਦੀ ਰੋਮੀ ਨਾਲ ਦੱਸਿਆ। ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਇਸ ਦੀ ਬਾਰੀਕੀ ਨਾਲ ਤਫਤੀਸ਼ ਕਰ ਰਹੀ ਹੈ।