ਜਲੰਧਰ: ਪੰਜਾਬ ਦੀਆਂ ਸਰਕਾਰਾਂ ਮਾਤ ਭਾਸ਼ਾ ਪੰਜਾਬੀ ਲਈ ਕਿੰਨੀਆਂ ਨੂੰ ਸੁਹਿਰਦ ਹਨ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ। ਕੈਪਟਨ ਦਾ ਕਹਿਣਾ ਹੈ ਕਿ ਸੜਕਾਂ ਤੇ ਜਨਤਕ ਥਾਵਾਂ 'ਤੇ ਲੱਗੇ ਬੋਰਡਾਂ 'ਤੇ ਪੰਜਾਬੀ ਉੱਪਰ ਲਿਖ ਦੇਣ ਨਾਲ ਕੀ ਫਰਕ ਪੈਂਦਾ ਹੈ। ਕੈਪਟਨ ਦੇ ਬਿਆਨ ਤੋਂ ਸਪਸ਼ਟ ਸੀ ਕਿ ਸੜਕਾਂ 'ਤੇ ਲੱਗੇ ਬੋਰਡਾਂ 'ਤੇ ਹਿੰਦੀ ਤੇ ਅੰਗਰੇਜ਼ੀ ਮਾਂ ਬੋਲੀ ਪੰਜਾਬੀ ਨਾਲੋਂ ਉੱਪਰ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ।
ਜਲੰਧਰ ਪਹੁੰਚੇ ਕੈਪਟਨ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਨਤਕ ਥਾਵਾਂ ‘ਤੇ ਲੱਗੇ ਬੋਰਡਾਂ ਉਪਰ ਅੰਗਰੇਜ਼ੀ ਤੇ ਹਿੰਦੀ ਨਾਲੋਂ ਪੰਜਾਬੀ ਹੇਠਾਂ ਲਿਖੀ ਗਈ ਹੈ। ਇਸ ਦਾ ਪੰਜਾਬ ਭਰ ‘ਚ ਭਾਸ਼ਾ ਪ੍ਰੇਮੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਬੜੀ ਲਾਪ੍ਰਵਾਹੀ ਨਾਲ ਕਿਹਾ ਕਿ ਉਪਰ ਪੰਜਾਬੀ ਲਾ ਦਿਓ, ਵਿਚਾਲੇ ਅੰਗਰੇਜ਼ੀ, ਥੱਲੇ ਹਿੰਦੀ ਕੀ ਫਰਕ ਪੈਂਦਾ ਹੈ।
ਕਾਬਲੇਗੌਰ ਹੈ ਕਿ ਜਨਤਕ ਥਾਵਾਂ ‘ਤੇ ਲੱਗੇ ਬੋਰਡਾਂ ਉਪਰ ਅੰਗਰੇਜ਼ੀ ਤੇ ਹਿੰਦੀ ਨਾਲੋਂ ਪੰਜਾਬੀ ਹੇਠਾਂ ਲਿਖਣ ਦਾ ਪੰਜਾਬ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ। ਭਾਸ਼ਾ ਪ੍ਰੇਮੀ ਜਥੇਬੰਦੀਆਂ ਵੱਲੋਂ ਅੰਗਰੇਜ਼ੀ ਤੇ ਹਿੰਦੀ ਉਪਰ ਕਾਲਖ ਦਾ ਪੋਸ਼ਾ ਫੇਰਿਆ ਜਾ ਰਿਹਾ ਹੈ। ਪੁਲਿਸ ਨੇ ਕਈ ਭਾਸ਼ਾ ਪ੍ਰੇਮੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਨੂੰ ਇਹ ਕੋਈ ਵੱਡਾ ਮੁੱਦਾ ਹੀ ਦਿਖਾਈ ਨਹੀਂ ਦਿੰਦਾ।