ਮੁਹਾਲੀ: ਵਟਸਐਪ ਗਰੁੱਪ ਵਿੱਚ ਅਸ਼ਲੀਲ ਵੀਡੀਓ ਅਪਲੋਡ ਕਰਕੇ ਸਵਾਮੀ ਓਂਕਾਰ ਸਰਸਵਤੀ ਕਸੂਤੇ ਘਿਰ ਗਏ ਹਨ। ਮੀਡੀਆ ਵਿੱਚ ਖਬਰਾਂ ਨਸਰ ਹੋਣ ਮਗਰੋਂ ਉਨ੍ਹਾਂ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਸ ਮੈਸੇਜ ਨਾਲ ਅਜਿਹੇ ਧਾਰਮਿਕ ਲੀਡਰਾਂ ਦੀ ਸੋਚ ਵੀ ਸਾਹਮਣੇ ਆ ਗਏ ਹੈ।

ਦਰਅਸਲ ਲੰਘੇ ਦਿਨ ਧਾਰਮਿਕ ਕੰਮਾਂ ਲਈ ਬਣਾਏ ਗਏ ਵਟਸਐਪ ਗਰੁੱਪ 'ਹਿੰਦੂਤਵ' ਵਿੱਚ ਹਿੰਦੂ ਸੰਗਠਨ ਦੇ ਖਰੜ ਵਾਸੀ ਧਰਮ ਗੁਰੂ ਸਵਾਮੀ ਓਂਕਾਰ ਸਰਸਵਤੀ ਨੇ ਅਸ਼ਲੀਲ ਵੀਡੀਓ ਅਪਲੋਡ ਕਰ ਦਿੱਤੀ। ਵੀਡੀਓ ਅਪਲੋਡ ਹੋਣ ਮਗਰੋਂ ਗਰੁੱਪ ਮੈਂਬਰਾਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ।

ਹੈਰਾਨੀ ਤਾਂ ਉਦੋਂ ਹੋਈ ਜਦੋਂ ਸਵਾਮੀ ਨੂੰ ਗਰੁੱਪ ਦੇ ਮੈਂਬਰਾਂ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਤਾਂ ਉਸ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਇਸ ਗਰੁੱਪ ਵਿੱਚ ਰਾਜ ਭਰ ਦੇ ਧਾਰਮਿਕ ਲੋਕ, ਸੰਸਥਾਵਾਂ ਦੇ ਨੇਤਾ ਤੇ ਕਈ ਔਰਤਾਂ ਵੀ ਮੌਜੂਦ ਹਨ। ਪਤਾ ਲੱਗਾ ਹੈ ਕਿ ਇਸ ਦੇ ਵਿਰੋਧ ਵਿੱਚ ਦਿੱਲੀ ਦੀ ਇੱਕ ਮਹਿਲਾ ਨੇ ਧਾਰਮਿਕ ਲੀਡਰਾਂ ਨੂੰ ਮਿਹਣਾ ਮਾਰਿਆ ਕਿ ਜੇਕਰ ਇਹ ਉਹ ਅਜਿਹੇ ਸਵਾਮੀ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ। ਇਸ ਬਾਰੇ ਮਹਿਲਾ ਨੇ ਦਿੱਲੀ ਦੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਉਧਰ ਸਵਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੋਨ ਕਿਸੇ ਨੇ ਫੜ ਕੇ ਇਹ ਵੀਡੀਓ ਅਪਲੋਡ ਕੀਤੀ ਹੈ। ਗਰੁੱਪ ਵਿੱਚ ਵੀਡੀਓ ਅਪਲੋਡ ਹੋਣ ਮਗਰੋਂ ਇੱਕ ਮੈਂਬਰ ਵਿਸ਼ੇਸ਼ ਸ਼ਰਮਾ ਨੇ ਕੰਮੈਂਟ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਵੀਡੀਓ ਅਪਲੋਡ ਕਰਨ ਵਾਲਾ ਕੌਣ ਮਹਾਪੁਰਸ਼ ਹੈ, ਪਰ ਇਹ ਸ਼ਖਸ ਆਪਣੇ ਆਪ ਨੂੰ ਮਹਾਂਪੁਰਖ ਲਿਖਦਾ ਹੈ। ਕਾਬਲੇਗੌਰ ਹੈ ਕਿ ਖਰੜ ਦੇ ਗੁਲਮੋਹਰ ਸਿਟੀ ਵਿੱਚ ਮੰਦਰ ਦੇ ਪੁਜਾਰੀ ਸਵਾਮੀ ਓਂਕਾਰ ਸਰਸਵਤੀ ਨੇ ਜੋ ਵੀਡੀਓ ਅਪਲੋਡ ਕੀਤਾ ਹੈ, ਉਹ ਕਰੀਬ 1 ਮਿੰਟ 31 ਸੈਕੰਡ ਦੀ ਹੈ। ਇਸ ਵਿੱਚ ਇੱਕ ਮਹਿਲਾ ਨੂੰ ਅਸ਼ਲੀਲ ਹਰਕਤਾਂ ਕਰਦੇ ਵਿਖਾਇਆ ਗਿਆ ਹੈ।

ਗਰੁੱਪ ਦੇ ਐਡਮਿਨ ਪਵਨ ਕੁਮਾਰ ਨੇ ਕਿਹਾ ਕਿ ਉਹ ਪੰਜਾਬ ਹਿੰਦੂ ਸੰਗਠਨ ਦੇ ਜਨਰਲ ਸਕੱਤਰ ਹਨ। ਜਦਕਿ ਵੀਡੀਓ ਅਪਲੋਡ ਕਰਨ ਵਾਲੇ ਉਨ੍ਹਾਂ ਦੇ ਹੀ ਸੰਗਠਨ ਦੇ ਧਰਮ ਗੁਰੂ ਹਨ। ਜੇਕਰ ਉਨ੍ਹਾਂ 'ਤੋਂ ਗਲਤੀ ਹੋ ਗਈ ਹੈ ਤਾਂ ਇਸ ਵਿੱਚ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਸੀ ਪਰ ਸਵਾਮੀ ਨੇ ਅਜਿਹਾ ਨਹੀਂ ਕੀਤਾ। ਇਸ ਕਾਰਨ ਉਨ੍ਹਾਂ ਨੂੰ ਵੱਟਸਐਪ ਗਰੁੱਪ 'ਚੋਂ ਹਟਾ ਦਿੱਤਾ ਗਿਆ ਹੈ।