ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਪਿਛਲੀ ਬਾਦਲ ਸਰਕਾਰ ਦੌਰਾਨ ਸਿੰਚਾਈ ਵਿਭਾਗ 'ਚ ਹੋਏ ਅਰਬਾਂ ਰੁਪਏ ਦੇ ਘੁਟਾਲਿਆਂ ਨੂੰ ਹੋਰ ਖੋਲ੍ਹਣ ਦੀ ਥਾਂ ਦਬਾ ਰਹੀ ਹੈ, ਜਦਕਿ ਘੁਟਾਲੇ ਦੇ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਨੇ ਆਪਣੇ ਲਿਖਤ ਇਕਬਾਲੀਆ ਬਿਆਨ ਰਾਹੀਂ ਨਾ ਸਿਰਫ਼ ਤਤਕਾਲੀ ਅਕਾਲੀ ਮੰਤਰੀਆਂ ਅਤੇ ਅਫ਼ਸਰਾਂ ਦੇ ਨਾਂ ਲਏ ਸੀ, ਸਗੋਂ ਉਨ੍ਹਾਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਪੂਰੀ ਤਫ਼ਸੀਲ ਵਿਜੀਲੈਂਸ ਜਾਂਚ ਦੌਰਾਨ ਲਿਖਾ ਦਿੱਤੀ ਸੀ।


ਪਾਰਟੀ ਮੁਤਾਬਕ ਗੁਰਿੰਦਰ ਭਾਪੇ ਵੱਲੋਂ ਕੀਤੇ ਗਏ ਸਨਸਨੀਖ਼ੇਜ਼ ਖ਼ੁਲਾਸਿਆਂ ਨੂੰ 25 ਮਹੀਨੇ ਅਰਥਾਤ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ, ਪਰ ਕੈਪਟਨ ਸਰਕਾਰ ਨੇ ਬਾਦਲਾਂ ਦੇ ਸਾਬਕਾ ਵਜ਼ੀਰਾਂ, ਆਈਏਐਸ ਅਫ਼ਸਰਾਂ ਅਤੇ ਦੋਸ਼ੀ ਵਿਭਾਗੀ ਅਧਿਕਾਰੀਆਂ ਨੂੰ ਅਜੇ ਤੱਕ ਹੱਥ ਕਿਉਂ ਨਹੀਂ ਪਾਇਆ? ਇਹ ਸਵਾਲ ਵਿਜੀਲੈਂਸ ਬਿਉਰੋ ਸਮੇਤ ਪੂਰੀ ਕੈਪਟਨ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਰਿਹਾ ਹੈ।


ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ 'ਮਾਫ਼ੀਆ ਰਾਜ' ਵੇਲੇ ਹੋਇਆ ਕਈ 100 ਕਰੋੜ ਰੁਪਏ ਦਾ ਸਿੰਚਾਈ ਘੁਟਾਲੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਕੀਤੀ ਅੰਨ੍ਹੀ ਲੁੱਟ ਦੀ ਪ੍ਰਤੱਖ ਮਿਸਾਲ ਹੈ। ਜਿਸ 'ਚ ਬਾਦਲਾਂ ਦੇ ਰਿਸ਼ਤੇਦਾਰ ਤਤਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਖਬੀਰ ਸਿੰਘ ਬਾਦਲ ਦੇ ਅਤਿ ਕਰੀਬੀ ਤਤਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਚੋਟੀ ਦੇ ਆਈਏਐਸ ਅਫ਼ਸਰ, ਮੰਤਰੀਆਂ ਦੇ ਪੀਏ ਅਤੇ ਸਿੰਚਾਈ ਵਿਭਾਗ ਦੇ ਆਲਾ-ਅਧਿਕਾਰੀ ਅਤੇ ਹੋਰ 'ਦਲਾਲ' ਸ਼ਾਮਲ ਹਨ।


ਮਾਨ ਨੇ ਕਿਹਾ ਕਿ 1000 ਕਰੋੜ ਰੁਪਏ ਤੋਂ ਵੱਧ ਦੇ ਸਿੰਚਾਈ ਪ੍ਰੋਜੈਕਟਾਂ ਦੇ ਠੇਕੇ ਲੈਣ ਵਾਲੇ ਮੁੱਖ ਸਰਗਨੇ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਵੱਲੋਂ ਵਿਜੀਲੈਂਸ ਬਿਊਰੋ ਦੀ ਜਾਂਚ ਦੌਰਾਨ 17 ਅਗਸਤ 2017 ਨੂੰ ਦਿੱਤੇ ਕਬੂਲ ਨਾਮੇ 'ਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ 4 ਕਰੋੜ, ਇਸੇ ਮੰਤਰੀ ਦੇ ਪੀਏ ਧੀਮਾਨ ਨੂੰ 50 ਲੱਖ, ਦੂਸਰੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ 7 ਕਰੋੜ 35 ਲੱਖ ਅਤੇ ਉਸ ਦੇ ਪੀ.ਏ ਸਹਿਜਪ੍ਰੀਤ ਸਿੰਘ ਨੂੰ 2 ਕਰੋੜ 50 ਲੱਖ ਰੁਪਏ, ਆਈਏਐਸ ਸਰਵੇਸ਼ ਕੌਸ਼ਲ ਨੂੰ 8.50 ਕਰੋੜ, ਆਈਏਐਸ ਕੇਬੀਐਸ ਸਿੰਧੂ ਨੂੰ 5.5 ਕਰੋੜ, ਆਈਏਐਸ ਕਾਹਨ ਸਿੰਘ ਪੰਨੂ ਨੂੰ 7 ਕਰੋੜ ਰੁਪਏ ਰਿਸ਼ਵਤ ਵਜੋਂ ਦਿੱਤੇ ਗਏ ਮੰਨੇ ਸੀ, ਪਰ ਭ੍ਰਿਸ਼ਟਾਚਾਰ ਰੋਕਣ ਅਤੇ ਹੋਰ ਝੂਠੇ ਨਾਅਰਿਆਂ-ਲਾਰਿਆਂ ਨਾਲ ਸੱਤਾ 'ਚ ਆਈ ਕੈਪਟਨ ਸਰਕਾਰ ਨੇ 2 ਸਾਲ ਪਹਿਲਾਂ ਹੋਏ ਸਨਸਨੀਖ਼ੇਜ਼ ਖ਼ੁਲਾਸਿਆਂ ਦੀ ਪੰਜਾਬ ਦੇ ਲੋਕਾਂ ਨੂੰ ਭਿਣਕ ਨਹੀਂ ਲੱਗਣ ਦਿੱਤੀ।


ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਾਦਲਾਂ ਅਤੇ ਉਨ੍ਹਾਂ ਦੇ ਘੁਟਾਲੇ ਬਾਜ਼ ਮੰਤਰੀਆਂ-ਅਫ਼ਸਰਾਂ ਨਾਲ ਰਲ ਚੁੱਕੇ ਹਨ। ਇਸ ਲਈ ਵਿਜੀਲੈਂਸ ਜਾਂਚ ਦੇ ਖ਼ੁਲਾਸਿਆਂ ਦੀਆਂ ਤੰਦਾਂ ਹੋਰ ਅੱਗੇ ਖੋਲ੍ਹਣ ਦੀ ਥਾਂ ਪੂਰੇ ਘੁਟਾਲੇ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਹੁਣ ਜਦੋਂ ਗੁਰਿੰਦਰ ਸਿੰਘ ਭਾਪਾ ਦਾ ਇਕਬਾਲੀਆ ਬਿਆਨ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਫਿਰ ਵੀ ਸਰਕਾਰ ਅਤੇ ਇਸ 'ਚ ਸ਼ਾਮਲ ਸਾਬਕਾ ਮੰਤਰੀ ਅਤੇ ਅਫ਼ਸਰ ਦੜ ਵੱਟੀ ਬੈਠੇ ਹਨ। ਮਾਨ ਨੇ ਕਿਹਾ ਕਿ ਜੇ ਸਰਕਾਰ ਨੇ ਅਜੇ ਵੀ ਲੋੜੀਂਦੇ ਸਖ਼ਤ ਕਦਮ ਨਾ ਚੁੱਕੇ ਤਾਂ ਆਮ ਆਦਮੀ ਸਰਕਾਰ 'ਤੇ ਹਰ ਸੰਭਵ ਦਬਾਅ ਬਣਾਵੇਗੀ ਅਤੇ ਲੋੜ ਪਈ ਤਾਂ ਪਾਰਟੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਏਗੀ।