ਚੰਡੀਗੜ੍ਹ: ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪਾਕਿਸਤਾਨ ਦੌਰੇ 'ਤੇ ਵਿਰੋਧੀਆਂ ਦੇ ਹਮਲਿਆਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਚੁੱਪੀ ਤੋੜਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਆਪਣੀ ਨਿੱਜੀ ਸਮਰੱਥਾ ਮੁਤਾਬਕ ਸ਼ਿਰਕਤ ਕੀਤੀ ਹੈ।
ਕੈਪਟਨ ਨੇ ਕਿਹਾ ਕਿ ਪਾਕਿਸਤਾਨ ਜਾਣਾ ਸਿੱਧੂ ਦਾ ਨਿੱਜੀ ਫੈਸਲਾ ਸੀ। ਇਸ ਦਾ ਸਾਡੇ ਨਾਲ ਕੋਈ ਲੈਣ-ਦੇਣ ਨਹੀਂ। ਪਾਕਿਸਤਾਨ ਵਿੱਚ ਪੀਓਕੇ ਪ੍ਰੈਜ਼ੀਡੈਂਟ ਨਾਲ ਬੈਠਣ 'ਤੇ ਕੈਪਟਨ ਨੇ ਕਿਹਾ ਕਿ ਹੋ ਸਕਦਾ ਸਿੱਧੂ ਉਨ੍ਹਾਂ ਬਾਰੇ ਨਾ ਜਾਣਦੇ ਹੋਣ ਕਿ ਉਹ ਕੌਣ ਹਨ।
ਹਾਲਾਂਕਿ ਕੈਪਟਨ ਨੇ ਸਿੱਧੂ ਦੇ ਪਾਕਿਸਤਾਨੀ ਆਰਮੀ ਚੀਫ ਨੂੰ ਗਲੇ ਲਾਉਣ ਦੇ ਮਾਮਲੇ 'ਤੇ ਕਿਹਾ ਕਿ ਜਦੋਂ ਸਰਹੱਦ 'ਤੇ ਨਿੱਤ ਦਿਨ ਭਾਰਤੀ ਜਵਾਨ ਮਾਰੇ ਜਾ ਰਹੇ ਹਨ ਤਾਂ ਸਿੱਧੂ ਨੂੰ ਇਸ ਤੋਂ ਕਨਾਰਾ ਕਰਨਾ ਚਾਹੀਦਾ ਸੀ।
ਕੈਪਟਨ ਨੇ ਕਿਹਾ ਕਿ ਮੈਂ ਸਿੱਧੂ ਦੀ ਇਸ ਕਾਰਵਾਈ ਦੇ ਖਿਲਾਫ ਹਾਂ। ਸਿੱਧੂ ਦਾ ਪਾਕਿਸਤਾਨ ਆਰਮੀ ਮੁਖੀ ਪ੍ਰਤੀ ਪਿਆਰ ਜਤਾਉਣਾ ਸਰਾਸਰ ਗਲਤ ਹੈ ਕਿਉਂਕਿ ਆਰਮੀ ਮੁਖੀ ਹੀ ਆਪਣੇ ਸਿਪਾਹੀਆਂ ਨੂੰ ਭਾਰਤੀ ਜਵਾਨਾਂ 'ਤੇ ਹਮਲਾ ਕਰਨ ਦਾ ਹੁਕਮ ਦਿੰਦਾ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ 'ਤੇ ਸਿੱਧੂ ਦੇ ਅਸਤੀਫੇ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਪੀਓਕੇ ਨਾਲ ਬੈਠਣ 'ਤੇ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਜਦੋਂ ਤੁਸੀਂ ਕਿਤੇ ਮਹਿਮਾਨ ਵਜੋਂ ਜਾਂਦੇ ਹੋ ਤਾਂ ਤਹਾਨੂੰ ਜਿੱਥੇ ਬੈਠਣ ਲਈ ਕਿਹਾ ਜਾਂਦਾ ਹੈ, ਉੱਥੇ ਬੈਠਦੇ ਹੋ। ਹਾਲਾਂਕਿ ਮੈਂ ਪਹਿਲਾਂ ਕਿਤੇ ਹੋਰ ਬੈਠਾਂ ਸੀ ਪਰ ਉਨ੍ਹਾਂ ਮੈਨੂੰ ਉੱਥੇ ਬੈਠਣ ਲਈ ਆਖਿਆ।
ਪਾਕਿਸਤਾਨੀ ਆਰਮੀ ਚੀਫ ਨੂੰ ਜੱਫੀ ਪਾਉਣ ਦੇ ਮੁੱਦੇ 'ਤੇ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਮੇਰੇ ਕੋਲ ਆ ਕੇ ਕਹੇ ਕਿ ਅਸੀਂ ਵੀ ਤੁਹਾਡੇ ਸੱਭਿਆਚਾਰ ਨਾਲ ਸਬੰਧ ਰੱਖਦੇ ਹਾਂ ਤੇ ਨਾਲ ਹੀ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੂਰਬ 'ਤੇ ਕਰਤਾਰਪੁਰ ਰਾਹ ਖੋਲ੍ਹਣ ਦੀ ਗੱਲ ਕਰੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਸੀ।
ਦੱਸ ਦੇਈਏ ਕਿ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਾਕਿਸਤਾਨ ਪਹੁੰਚੇ ਸਿੱਧੂ ਵੱਲੋ ਪੀਓਕੇ ਪ੍ਰੈਜ਼ੀਡੈਂਟ ਦੇ ਨਾਲ ਬੈਠਣ 'ਤੇ ਪਾਕਿਸਤਾਨੀ ਆਰਮੀ ਮੁਖੀ ਨੂੰ ਜੱਫੀ ਪਾਉਣ ਦਾ ਮਾਮਲਾ ਬਹੁਤ ਗਰਮਾਇਆ ਸੀ।