ਚੰਡੀਗੜ੍ਹ: ਕਿਸਾਨਾਂ ਵੱਲੋਂ ਰੇਲ ਰੋਕਾਂ ਹਟਾਉਣ ਦੇ ਬਾਵਜੂਦ ਰੇਲਵੇ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਰੱਖਣ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਕੈਪਟਨ ਨੇ ਇਸ ਪੱਤਰ ਰਾਹੀਂ ਇਸ ਪੇਚੀਦਾ ਮਸਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਮਸਲੇ ਨੂੰ ਨਾ ਸੁਲਝਾਇਆ ਗਿਆ ਤਾਂ ਨਾ ਸਿਰਫ ਪੰਜਾਬ ਲਈ ਸਗੋਂ ਲੱਦਾਖ ਅਤੇ ਕਸ਼ਮੀਰ ਵਿੱਚ ਤਾਇਨਾਤ ਹਥਿਆਰਬੰਦ ਸੈਨਾਵਾਂ ਸਮੇਤ ਸਮੁੱਚੇ ਮੁਲਕ ਲਈ ਖਤਰਨਾਕ ਸਿੱਟੇ ਨਿਕਲ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਨਾ ਤਾਂ ਸਿਆਸੀ ਟਕਰਾਅ ਵਿੱਚ ਪੈਣ ਦਾ ਹੈ ਅਤੇ ਨਾ ਹੀ ਦੂਸ਼ਣਬਾਜੀ ਕਰਨ ਦਾ ਹੈ। ਉਹਨਾਂ ਕਿਹਾ, "ਇਸ ਨਾਜੁਕ ਪਲ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਬਜਾਏ ਅਜਿਹੀ ਕਿਸੇ ਵੀ ਲਾਲਸਾ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ।" ਉਹਨਾਂ ਕਿਹਾ ਕਿ ਇਹ ਵੇਲਾ ਆਪਣੇ ਸਿਆਸੀ ਵਖਰੇਵਿਆਂ ਤੋਂ ਉਪਰ ਉਠਣ ਦਾ ਹੈ ਅਤੇ ਮੌਜੂਦਾ ਸਥਿਤੀ ਪ੍ਰਤੀ ਸੂਝ ਅਤੇ ਸਿਆਣਪ ਨਾਲ ਨਜਿੱਠਣ ਦਾ ਹੈ ਕਿਉਂ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਤਾਂ ਨਿਸ਼ਚਿਤ ਤੌਰ ਉਤੇ ਹਾਲਾਤ ਕਾਬੂ ਤੋਂ ਬਾਹਰ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਮੁੱਖ ਮੰਤਰੀ ਨੇ ਮਾਲ ਗੱਡੀਆਂ ਦੀਆਂ ਸੇਵਾਵਾਂ ਲਗਾਤਾਰ ਮੁਅੱਤਲ ਰਹਿਣ ਨਾਲ ਕੌਮੀ ਸੁਰੱਖਿਆ ਉਪਰ ਪੈਣ ਵਾਲੇ ਪ੍ਰਭਾਵ ਦਾ ਜਿਕਰ ਕਰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਨੂੰ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਨੂੰ ਵੱਡੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਠੰਡ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈਣਾ ਦੀ ਸੰਭਾਵਨਾ ਹੈ ਕਿਉਂ ਜੋ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ।
ਰੇਲ ਆਵਾਜਾਈ ਦੇ ਲੰਮਾ ਸਮਾਂ ਬੰਦ ਰਹਿਣ ਨਾਲ ਪੰਜਾਬ ਨੂੰ ਪਏ ਘਾਟੇ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀਆਂ ਸੇਵਾਵਾਂ ਹਰੇਕ ਦਿਨ ਮੁਅੱਤਲ ਰਹਿਣ ਦਾ ਮਤਲਬ ਸੂਬੇ ਵਿੱਚ ਬਿਜਲੀ (ਕੋਲਾ), ਯੂਰੀਆ ਅਤੇ ਡੀ.ਏ.ਪੀ.ਦੇ ਸਟਾਕ ਦੀ ਕਮੀ ਦੇ ਮੱਦੇਨਜ਼ਰ ਉਦਯੋਗ, ਖੇਤੀਬਾੜੀ ਅਤੇ ਸਮੁੱਚੇ ਅਰਥਚਾਰੇ ਨੂੰ ਵੱਡਾ ਘਾਟਾ ਪੈਂਦਾ ਹੈ।
ਕੈਪਟਨ ਦਾ ਜੇਪੀ ਨੱਢਾ ਨੂੰ ਖੁੱਲ੍ਹਾ ਪੱਤਰ, ਮਾਲ ਗੱਡੀਆਂ ਬੰਦ ਰਹਿਣ ਤੇ ਪੰਜਾਬ ਸਮੇਤ ਲੱਦਾਖ ਅਤੇ ਕਸ਼ਮੀਰ ਪ੍ਰਭਾਵਿਤ ਹੋਣ ਬਾਰੇ ਕੀਤਾ ਸਾਵਧਾਨ
ਏਬੀਪੀ ਸਾਂਝਾ
Updated at:
01 Nov 2020 08:12 PM (IST)
ਕਿਸਾਨਾਂ ਵੱਲੋਂ ਰੇਲ ਰੋਕਾਂ ਹਟਾਉਣ ਦੇ ਬਾਵਜੂਦ ਰੇਲਵੇ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਰੱਖਣ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ।
- - - - - - - - - Advertisement - - - - - - - - -