CSK vs KXIP 2020: ਅੱਜ ਆਈਪੀਐਲ 2020 ਦੇ 53ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖਿਡਾਆ ਗਿਆ। ਜਿਸ ਵਿੱਚ ਚੇਨਈ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਉਂਦੇ ਹੋਏ ਆਈਪੀਐਲ ਸੀਜ਼ਨ 2020 ਵਿਚੋਂ ਬਾਹਰ ਕਰ ਦਿੱਤਾ ਹੈ।ਦੱਸ ਦੇਈਏ ਕਿ ਧੋਨੀ ਦੀ ਅਗਵਾਈ ਵਾਲੀ ਚੇਨਈ ਵੀ ਇਸ ਸੀਜ਼ਨ ਕੁੱਝ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।ਚੇਨਈ ਇਸ ਸੀਜ਼ਨ ਵਿਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਸੀ।ਚੇਨਈ ਨੇ ਹੁਣ ਤੱਕ ਕੁੱਲ੍ਹ 14 ਮੈਚ ਖੇਡੇ ਹਨ ਜਿਸ ਵਿਚੋਂ ਉਹ ਸਿਰਫ 6 ਮੈਚ ਜਿੱਤੀ ਸੀ।


ਪੰਜਾਬ ਨੇ ਵੀ ਇਸ ਸੀਜ਼ਨ ਵਿੱਚ 14 ਮੈਚ ਖੇਡੇ ਹਨ ਜਿਸ ਵਿਚੋਂ ਉਹ ਸਿਰਫ 6 ਮੈਚ ਜਿੱਤੀ ਹੈ ਅਤੇ 8 ਮੈਚਾਂ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਰੁਤੁਰਾਜ ਗਾਯਕਵਾੜ ਨੇ ਚੇਨਈ ਸੁਪਰ ਕਿੰਗਜ਼ ਲਈ 49 ਗੇਂਦਾਂ 'ਤੇ 62 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਆਈਪੀਐਲ 2020 ਵਿੱਚ ਇਹ ਗਾਯਕਵਾੜ ਦਾ ਲਗਾਤਾਰ ਤੀਸਰਾ ਅਰਧ ਸੈਂਕੜਾ ਸੀ।

ਕਿੰਗਜ਼ ਇਲੈਵਨ ਪੰਜਾਬ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਚੇਨਈ ਸੁਪਰ ਕਿੰਗਜ਼ ਨੇ ਆਸਾਨੀ ਨਾਲ 18.5 ਓਵਰਾਂ ਵਿਚ ਆਪਣਾ ਇੱਕ ਵਿਕਟ ਗੁਆ ਕੇ ਟੀਚੇ ਦਾ ਪਿੱਛਾ ਕਰ ਲਿਆ। ਇਸ ਤੋਂ ਪਹਿਲਾਂ ਮਯੰਕ ਅਗਰਵਾਲ ਅਤੇ ਕੇ ਐਲ ਰਾਹੁਲ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕੀਤੀ। ਦੋਵਾਂ ਨੇ ਪਹਿਲੇ ਵਿਕਟ ਲਈ 5.2 ਓਵਰਾਂ ਵਿੱਚ 48 ਦੌੜਾਂ ਜੋੜੀਆਂ। ਮਯੰਕ 15 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਆਊਟ ਹੋਇਆ। ਇਸ ਦੌਰਾਨ ਉਸਨੇ ਪੰਜ ਚੌਕੇ ਮਾਰੇ।

ਮਯੰਕ ਦੇ ਆਊਟ ਹੋਣ ਤੋਂ ਬਾਅਦ ਪੰਜਾਬ ਦੀ ਪਾਰੀ ਬਹੁਤ ਹੌਲੀ ਹੋ ਗਈ। ਪਾਵਰ ਪਲੇਅ ਦੇ ਪਹਿਲੇ ਛੇ ਓਵਰਾਂ ਵਿੱਚ 53 ਦੌੜਾਂ ਬਣਾਉਣ ਵਾਲਾ ਪੰਜਾਬ 10 ਓਵਰਾਂ ਵਿੱਚ ਸਿਰਫ 65 ਦੌੜਾਂ ਹੀ ਬਣਾ ਸਕਿਆ। ਇਸ ਸਮੇਂ ਦੌਰਾਨ ਕਪਤਾਨ ਕੇ ਐਲ ਰਾਹੁਲ 27 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਆਊਟ ਹੋ ਗਏ। ਉਸਨੇ ਤਿੰਨ ਚੌਕੇ ਅਤੇ ਇੱਕ ਛੱਕਾ ਮਾਰਿਆ।

ਕ੍ਰਿਸ ਗੇਲ ਨੇ ਅੱਜ ਬਹੁਤ ਹੌਲੀ ਪਾਰੀ ਖੇਡੀ। ਗੇਲ ਨੇ 19 ਗੇਂਦਾਂ ਵਿੱਚ ਸਿਰਫ 12 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ, ਉਸ ਦੀ ਸਟ੍ਰਾਇਕ ਰੇਟ 63.16 ਸੀ।ਇਸ ਤੋਂ ਬਾਅਦ ਨਿਕੋਲਸ ਪੂਰਨ ਵੀ ਛੇ ਗੇਂਦਾਂ ਵਿੱਚ 02 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। 72 ਦੌੜਾਂ 'ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਦੀਪਕ ਹੁੱਡਾ ਨੇ ਚੇਨਈ ਦੇ ਗੇਂਦਬਾਜ਼ਾਂ' ਤੇ ਹਮਲਾ ਕੀਤਾ। ਉਸਨੇ 30 ਗੇਂਦਾਂ ਵਿੱਚ ਅਜੇਤੂ 62 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ ਤਿੰਨ ਚੌਕੇ ਅਤੇ ਚਾਰ ਛੱਕੇ ਨਿਕਲੇ।ਇਸ ਦੇ ਨਾਲ ਹੀ ਮਨਦੀਪ ਸਿੰਘ 15 ਗੇਂਦਾਂ ਵਿੱਚ 14 ਦੌੜਾਂ ਹੀ ਬਣਾ ਸਕਿਆ।

ਲੁੰਗੀ ਨਾਗੀਡੀ ਨੇ ਚੇਨਈ ਸੁਪਰ ਕਿੰਗਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ ਆਪਣੇ ਕੋਟੇ ਦੇ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਇਮਰਾਨ ਤਾਹਿਰ, ਰਵਿੰਦਰ ਜਡੇਜਾ ਅਤੇ ਸ਼ਾਰਦੂਲ ਠਾਕੁਰ ਨੂੰ ਇਕ-ਇਕ ਸਫ਼ਲਤਾ ਮਿਲੀ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਫਾਫ ਡੂ ਪਲੇਸਿਸ ਅਤੇ ਰੁਤੁਰਾਜ ਗਾਯਕਵਾੜ ਨੇ ਕੀਤੀ, ਜਿਨ੍ਹਾਂ ਨੇ ਪੰਜਾਬ ਦੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਦੋਵਾਂ ਨੇ ਪਹਿਲੇ ਵਿਕਟ ਲਈ 9.5 ਓਵਰਾਂ ਵਿਚ 82 ਦੌੜਾਂ ਜੋੜੀਆਂ। ਪਲੇਸਿਸ 34 ਗੇਂਦਾਂ ਵਿਚ 48 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਸਨੇ ਚਾਰ ਚੌਕੇ ਅਤੇ ਦੋ ਛੱਕੇ ਮਾਰੇ।

ਇਸ ਤੋਂ ਬਾਅਦ ਚੇਨਈ ਦੇ ਗਾਯਕਵਾੜ ਨੇ 49 ਗੇਂਦਾਂ 'ਤੇ ਅਜੇਤੂ 62 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਆਈਪੀਐਲ 2020 ਵਿੱਚ ਇਹ ਗਾਯਕਵਾੜ ਦਾ ਲਗਾਤਾਰ ਤੀਸਰਾ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਰਾਇਡੂ 30 ਗੇਂਦਾਂ 'ਚ 30 ਦੌੜਾਂ ਬਣਾ ਕੇ ਅਜੇਤੂ ਪਰਤਿਆ।