FIR Against Gurpatwant Pannu: ਆਈਸੀਸੀ ਵਿਸ਼ਵ ਕੱਪ 2023 ਦੇ ਤਹਿਤ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਧਮਕੀਆਂ ਦੇਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਅਹਿਮਦਾਬਾਦ ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ। ਪੰਨੂ ਨੇ ਇਹ ਧਮਕੀਆਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਫ਼ੋਨ ਕਾਲਾਂ ਰਾਹੀਂ ਦਿੱਤੀਆਂ ਸਨ।


ਸਮਾਚਾਰ ਏਜੰਸੀ ਏਐਨਆਈ ਨੇ ਅਹਿਮਦਾਬਾਦ ਸਾਈਬਰ ਕ੍ਰਾਈਮ ਦੇ ਡੀਸੀਪੀ ਅਜੀਤ ਰਾਜੀਅਨ ਦੇ ਹਵਾਲੇ ਨਾਲ ਕਿਹਾ ਕਿ ਇਹ ਐਫਆਈਆਰ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ 'ਤੇ ਪਹਿਲਾਂ ਤੋਂ ਰਿਕਾਰਡ ਕੀਤੇ ਧਮਕੀ ਭਰੇ ਸੰਦੇਸ਼ਾਂ ਤੋਂ ਬਾਅਦ ਦਰਜ ਕੀਤੀ ਗਈ ਹੈ। ਕੁਝ ਸਥਾਨਕ ਲੋਕਾਂ ਨੇ ਕਈ ਧਮਕੀ ਭਰੀਆਂ ਕਾਲਾਂ ਆਉਣ ਦੀ ਸ਼ਿਕਾਇਤ ਕਰਦੇ ਹੋਏ ਅਹਿਮਦਾਬਾਦ ਪੁਲਿਸ ਨਾਲ ਵੀ ਸੰਪਰਕ ਕੀਤਾ ਸੀ।


ਪੰਨੂ ਦਾ ਇਰਾਦਾ ਲੋਕਾਂ ਵਿੱਚ ਨਫ਼ਰਤ ਫੈਲਾਉਣਾ ਅਤੇ ਦੇਸ਼ ਦੀ ਸੁਰੱਖਿਆ ਅਤੇ ਨੁਕਸਾਨ ਲਈ ਲੋਕਾਂ ਨੂੰ ਭੜਕਾਉਣਾ ਹੈ। ਉਸ ਨੇ 5 ਅਕਤੂਬਰ ਨੂੰ ਸਟੇਡੀਅਮ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਇਸ ਸਥਿਤੀ ਵਿੱਚ ਕੈਨੇਡਾ ਵਿੱਚ ਬਣੀ ‘ਸਿੱਖ ਫਾਰ ਜਸਟਿਸ’ ਨਾਮਕ ਖਾਲਿਸਤਾਨੀ ਸੰਗਠਨ ਦਾ ਮੁਖੀ ਪੰਨੂ ਭਾਰਤ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਇੱਕ ਆਡੀਓ ਸੰਦੇਸ਼ ਵਿੱਚ ਉਸ ਨੇ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।


ਧਮਕੀ ਦਿੰਦੇ ਹੋਏ ਪੰਨੂ ਨੇ ਕੀ ਕਿਹਾ?


ਵੇਰਵਿਆਂ ਅਨੁਸਾਰ, ਆਪਣੇ ਪਹਿਲਾਂ ਤੋਂ ਰਿਕਾਰਡ ਕੀਤੇ ਧਮਕੀ ਭਰੇ ਸੰਦੇਸ਼ ਵਿੱਚ ਗੁਰਪਤਵੰਤ ਪੰਨੂ ਨੇ ਕਿਹਾ, "ਇਹ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ ਨਹੀਂ ਹੋਵੇਗੀ, ਸਗੋਂ ਵਿਸ਼ਵ ਦਹਿਸ਼ਤੀ ਕੱਪ ਦੀ ਸ਼ੁਰੂਆਤ ਹੋਵੇਗੀ।" ਗੁਰਪਤਵੰਤ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਸ਼ਹੀਦ ਨਿੱਝਰ ਦੇ ਕਤਲ ਦਾ ਬਦਲਾ ਲੈਣ ਜਾ ਰਹੇ ਹਾਂ।


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਨੂ ਨੇ ਅਜਿਹੀ ਧਮਕੀ ਕੀਤੀ ਹੈ। ਪੰਨੂ ਨੇ 15 ਅਗਸਤ ਨੂੰ ਦਿੱਲੀ ਅਤੇ ਜੀ-20 ਤੋਂ ਪਹਿਲਾਂ ਭਾਰਤ ਵਿਰੋਧੀ ਨਾਅਰੇ ਲਿਖੇ ਸਨ। ਦੋਵਾਂ ਮਾਮਲਿਆਂ ਦਾ ਖੁਲਾਸਾ ਸਪੈਸ਼ਲ ਸੈੱਲ ਨੇ ਕੀਤਾ ਹੈ। ਇਨ੍ਹਾਂ ਮਾਮਲਿਆਂ 'ਚ ਪੁਲਿਸ ਨੇ ਤੁਰੰਤ ਨਾਅਰੇ  ਲਿਖਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ।


ਇਹ ਵੀ ਪੜ੍ਹੋ-Kotkapura Firing: ਕੋਟਕਪੂਰਾ ਗੋਲ਼ੀਕਾਂਡ 'ਚ ਸੁਖਬੀਰ ਬਾਦਲ ਸਮੇਤ 6 ਦੋਸ਼ੀਆਂ ਨੂੰ ਰਾਹਤ, ਹਾਈਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ