JEE ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀ ਦੇ ਹੱਥ 'ਚੋਂ ਕੜਾ ਉਤਰਵਾਉਣ ਦਾ ਮਾਮਲਾ ਗਰਮਾਇਆ, ਅਕਾਲੀ ਦਲ ਵੱਲੋਂ ਕਾਰਵਾਈ ਦੀ ਮੰਗ, ਸਿਰਸਾ ਵੀ ਨੇ ਕੀਤੀ ਨਿੰਦਾ
ਅੱਜ ਬਠਿੰਡਾ ਦੇ ਮਲੋਟ ਰੋਡ ’ਤੇ ਸਥਿਤ ਪੌਲੀਟੈਕਨਿਕ ਕਾਲਜ 'ਚ ਜੇਈ (JEE) ਦੀ ਪ੍ਰੀਖਿਆ ਦੇਣ ਆਏ ਗੁਰਸਿੱਖ ਵਿਦਿਆਰਥੀ ਦਾ ਗੇਟ ’ਤੇ ਖੜ੍ਹੇ ਅਧਿਆਪਕ ਵਲੋਂ ਕੜਾ ਉਤਰਵਾ ਦਿੱਤਾ ਗਿਆ।
ਬਠਿੰਡਾ: ਅੱਜ ਬਠਿੰਡਾ ਦੇ ਮਲੋਟ ਰੋਡ ’ਤੇ ਸਥਿਤ ਪੌਲੀਟੈਕਨਿਕ ਕਾਲਜ 'ਚ ਜੇਈ (JEE) ਦੀ ਪ੍ਰੀਖਿਆ ਦੇਣ ਆਏ ਗੁਰਸਿੱਖ ਵਿਦਿਆਰਥੀ ਦਾ ਗੇਟ ’ਤੇ ਖੜ੍ਹੇ ਅਧਿਆਪਕ ਵਲੋਂ ਕੜਾ ਉਤਰਵਾ ਦਿੱਤਾ ਗਿਆ।ਇਸ ਘਟਨਾ ਮਗਰੋਂ ਵਿਵਾਦ ਖੜ੍ਹਾ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਵੀ ਮੌਕੇ 'ਤੇ ਪੁੱਜੇ ਤੇ ਅਧਿਆਪਕ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।ਉਧਰ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੀ ਇਸਦੀ ਨਿੰਦਾ ਕੀਤੀ ਹੈ।
ਸਿਰਸਾ ਨੇ ਟਵੀਟ ਕਰ ਕਿਹਾ, "ਬਠਿੰਡਾ 'ਚ ਜੇਈ ਦੀ ਪ੍ਰੀਖਿਆ ਦੌਰਾਨ ਕੜਾ ਪਾਉਣ 'ਤੇ ਸਿੱਖ ਵਿਦਿਆਰਥੀ ਨਾਲ ਛੇੜਛਾੜ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਸਿੱਖ ਵਿਦਿਆਰਥੀਆਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ। ਹਾਈ ਕੋਰਟ ਨੇ ਸਪੱਸ਼ਟ ਫੈਸਲਾ ਸੁਣਾਇਆ ਹੈ ਕਿ ਕਿਸੇ ਵੀ ਪ੍ਰੀਖਿਆ ਕੇਂਦਰ ਵਿੱਚ ਕਿਸੇ ਵੀ ਵਿਦਿਆਰਥੀ ਨੂੰ 5 ਕਕਾਰ ਪਹਿਨਣ ਤੋਂ ਨਹੀਂ ਰੋਕਿਆ ਜਾਵੇਗਾ।"
ਇਸ ਦੇ ਨਾਲ ਹੀ ਇਕ ਹੋਰ ਟਵੀਟ 'ਚ ਸਿਰਸਾ ਨੇ ਕਿਹਾ, "ਸੀਐਮ ਭਗਵੰਤ ਮਾਨ ਜੀ ਵਿਦਿਆਰਥੀਆਂ ਦੇ ਕੜਾ ਪਹਿਨਣ 'ਤੇ ਇਤਰਾਜ਼ ਕਰਨ ਵਾਲੇ ਗਲਤ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।"
ਉਧਰ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਕੋਈ ਅਜਿਹੀ ਗੱਲ ਨਹੀਂ ਹੋਈ ਹੈ।ਇਹ ਗੱਲਤ ਫਹਿਮੀ ਹੋਈ ਹੈ। ਮਾਮਲਾ ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਿਨਲ਼ ਪੋਲੀਟੈਕਨਿਕ ਕਾਲਜ ਦਾ ਹੈ। ਜਿੱਥੇ ਅੱਜ ਇੱਕ ਸਿੱਖ ਨੌਜਵਾਨ ਪੇਪਰ ਦੇਣ ਆਇਆ ਸੀ ਤਾਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਗੇਟ ਦੇ ਅੰਦਰ ਦਾਖਲ ਹੋਣ ਤੇ ਉਸਦੇ ਹੱਥ ਵਿੱਚ ਪਾਇਆ ਹੋਇਆ ਕੜਾ ਉਤਾਰਨ ਦੀ ਗੱਲ ਕੀਤੀ ਅਤੇ ਨੌਜਵਾਨ ਵੱਲੋਂ ਵਿਰੋਧ ਕੀਤਾ ਗਿਆ।
ਇਸ ਪੂਰੇ ਮਾਮਲੇ 'ਚ ਥਾਣਾ ਸਦਰ ਦੇ ਜਾਂਚ ਅਧਿਕਾਰੀ ਨੇ ਕਿਹਾ ਬੱਚੇ ਦੇ ਬਿਆਨ ਲਏ ਹਨ ਉਹ ਕੋਈ ਕਾਰਵਾਈ ਨਹੀਂ ਚਾਹੁੰਦਾ, ਪਰ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।