ਪੰਜਾਬ 'ਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੀ ਕੇਂਦਰ ਦੀ ਟੀਮ
ਕੇਂਦਰ ਦੀ ਟੀਮ ਪੰਜਾਬ ਵਿੱਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦੇ ਦੌਰੇ 'ਤੇ ਪਹੁੰਚੀ ਹੈ। ਇਸ ਵਿੱਚ ਰੋਪੜ, ਆਨੰਦਪੁਰ ਸਾਹਿਬ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਜ਼ਮੀਨੀ ਹਕੀਕਤ ਜਾਣਨ ਲਈ ਦੌਰਾ ਕਰਨਾ ਤੈਅ ਕੀਤਾ ਗਿਆ
ਚੰਡੀਗੜ੍ਹ: ਕੇਂਦਰ ਦੀ ਟੀਮ ਪੰਜਾਬ ਵਿੱਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦੇ ਦੌਰੇ 'ਤੇ ਪਹੁੰਚੀ ਹੈ। ਇਸ ਵਿੱਚ ਰੋਪੜ, ਆਨੰਦਪੁਰ ਸਾਹਿਬ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਜ਼ਮੀਨੀ ਹਕੀਕਤ ਜਾਣਨ ਲਈ ਦੌਰਾ ਕਰਨਾ ਤੈਅ ਕੀਤਾ ਗਿਆ। ਚੰਡੀਗੜ੍ਹ ਵਿੱਚ ਪਹੁੰਚਣ ਤੋਂ ਬਾਅਦ ਟੀਮ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਹਾਲੀ ਆਈਐਸਬੀ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਤੋਂ ਬਾਅਦ ਟੀਮ ਨੇ ਰੋਪੜ ਦੇ ਪਿੰਡ ਖੈਰਾਬਾਦ ਤੋਂ ਆਪਣਾ ਦੌਰਾ ਸ਼ੁਰੂ ਕੀਤਾ।
ਖੈਰਾਬਾਦ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਆਨੰਦਪੁਰ ਸਾਹਿਬ ਨੂੰ ਰੁਖ਼ ਕਰਕੇ ਪਿੰਡ ਚੰਦਪੁਰ ਬੇਲਾ ਦਾ ਦੌਰਾ ਕੀਤਾ ਜਿੱਥੇ ਲੋਕਾਂ ਦੀਆਂ ਘਰਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਚੰਦਪੁਰ ਬੇਲਾ ਤੋਂ ਬਾਅਦ ਟੀਮ ਸਤਲੁਜ ਦਰਿਆ ਦੇ ਕੰਢੇ ਵੱਸੇ ਪਿੰਡ ਲੋਧੀਪੁਰ ਪਹੁੰਚੀ। ਲੋਧੀਪੁਰ ਸਤਲੁਜ ਦੇ ਕੰਢੇ ਹੈ ਤੇ ਜਦੋਂ ਪਾੜ ਪਿਆ ਸੀ, ਉਸ ਸਮੇਂ ਲੋਧੀਪੁਰ ਪਿੰਡ 'ਤੇ ਬਣੇ ਬੰਨ੍ਹ ਟੁੱਟ ਗਏ ਸੀ, ਜਿਸ ਕਰਕੇ ਲਗਪਗ ਵੀਹ ਪੱਚੀ ਪਿੰਡਾਂ ਵਿੱਚ ਪਾਣੀ ਪਹੁੰਚਿਆ ਸੀ।
ਟੀਮ ਨੇ ਲੋਧੀਪੁਰ ਦੇ ਉਸ ਬੰਨ ਦਾ ਜਾਇਜ਼ਾ ਲਿਆ ਜਿਸ ਦੇ ਟੁੱਟਣ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਪਹੁੰਚਿਆ ਤੇ ਕਈ ਏਕੜ ਜ਼ਮੀਨ ਦਾ ਨੁਕਸਾਨ ਹੋਇਆ। ਟੀਮ ਨੇ ਸਿਰਫ਼ ਬੰਨ੍ਹ ਦਾ ਹੀ ਜਾਇਜ਼ਾ ਨਹੀਂ ਲਿਆ ਬਲਕਿ ਲੋਕਾਂ ਤੋਂ ਉੱਥੋਂ ਦੀ ਸਮੱਸਿਆ ਵੀ ਪੁੱਛੀ ਜਿੱਥੇ ਲੋਕਾਂ ਨੇ ਦੱਸਿਆ ਕਿ ਹਰ ਸਾਲ ਹੜ੍ਹ ਕਰਕੇ ਕਿਸਾਨੀ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ। ਟੀਮ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦੀ ਮਦਦ ਮੁਹੱਈਆ ਕਰਵਾਈ ਜਾਏਗੀ ਤੇ ਪੱਕਾ ਹੱਲ ਵੀ ਕੀਤਾ ਜਾਏਗਾ।
ਲੋਧੀਪੁਰ ਪਿੰਡ ਤੋਂ ਬਾਅਦ ਟੀਮ ਗਵਾਂਢ ਵਿੱਚ ਪਿੰਡ ਬੁਰਜ ਪਹੁੰਚੀ ਜਿੱਥੇ ਉਸ ਪੁਲ ਦਾ ਜਾਇਜ਼ਾ ਲਿਆ ਜਿਸ ਨੂੰ ਪਾੜ ਕਾਰਨ ਨੁਕਸਾਨ ਪਹੁੰਚਿਆ ਸੀ। ਪਿੰਡ ਬੁਰਜ ਤੋਂ ਬਾਅਦ ਟੀਮ ਦਰਿਆ ਦੇ ਕੰਢੇ ਇੱਕ ਹੋਰ ਪਿੰਡ ਹਰਸਾ ਬੇਲਾ ਪਹੁੰਚੀ। ਹਰਸਾ ਬੇਲਾ ਪਿੰਡ ਵਿੱਚ ਪਹੁੰਚ ਕੇ ਟੀਮ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਘਰਾਂ ਦਾ ਤੇ ਖੇਤੀ ਦੇ ਹੋਏ ਨੁਕਸਾਨ ਨੂੰ ਜਾਂਚਿਆ। ਹੁਣ ਇਹ ਟੀਮ ਜਲੰਧਰ ਤੇ ਕਪੂਰਥਲਾ ਵਿੱਚ ਦੂਸਰੇ ਦਿਨ ਦਾ ਦੌਰਾ ਕਰੇਗੀ। ਕੇਂਦਰ ਵੱਲੋਂ ਆਈ ਟੀਮ ਲਗਪਗ ਪੱਚੀ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰੇਗੀ।