ਚੰਡੀਗੜ੍ਹ: ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ ਹੈ। ਇਸ ਪਿੱਛੇ ਵੱਡਾ ਹੱਥ ਫਰਾਂਸ ਦਾ ਹੈ ਕਿਉਂਕਿ ਭਾਰਤ ਨੇ ਆਪਣੇ ਵੱਲੋਂ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਨੂੰ ਲੈ ਕੇ ਡੋਜ਼ੀਅਰ ਭੇਜਿਆ ਸੀ। ਕੈਪੀਟਲ ਕੰਪਲੈਕਸ ਨੂੰ ਫਰਾਂਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਇਹ ਕੰਪਲੈਕਸ ਫਰੈਂਚ ਆਰਕੀਟੈਕਟ ਲੀ ਕਾਰਬੂਜੀਏ ਨੇ ਡਿਜ਼ਾਈਨ ਕੀਤਾ ਸੀ। ਇਹ ਦਰਜਾ ਮਿਲਣ ਤੋਂ ਬਾਅਦ ਹੁਣ ਕੈਪੀਟਲ ਕੰਪਲੈਕਸ ਦੀ ਤਸਵੀਰ ਹੋਰ ਬਿਹਤਰ ਹੋਏਗੀ। ਇਸ ਏਰੀਆ ਵਿੱਚ ਕੀਤੇ ਗਏ ਬਦਲਾਅ ਵਾਪਸ ਲੈਣ ਤੋਂ ਇਲਾਵਾ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਏਗਾ।
ਚੰਡੀਗੜ੍ਹ ਦੇ ਚੀਫ ਆਰਕੀਟੈਕਟ ਕਪਿਲ ਸੇਤੀਆ ਉਸ ਮੌਕੇ ਇਸਤਾਂਬੁਲ ਵਿੱਚ ਮੌਜੂਦ ਸਨ ਜਦ ਇਹ ਐਲਾਨ ਕੀਤਾ ਗਿਆ। ਸੇਤੀਆ ਮੁਤਾਬਕ ਕੈਪੀਟਲ ਕੰਪਲੈਕਸ ਨੂੰ ਇਹ ਦਰਜਾ ਦਿਵਾਉਣ ਲਈ 2013 ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਸੀ। 2014 ਵਿੱਚ ਇਸ ਬਾਰੇ ਯੂਨੈਸਕੋ ਕੋਲ ਫਾਈਲ ਭੇਜੀ ਗਈ। ਅਕਤੂਬਰ 2015 ਵਿੱਚ ਯੁਨੈਸਕੋ ਦੀ ਟੀਮ ਨੇ ਇਨ੍ਹਾਂ ਇਮਾਰਤਾਂ ਦਾ ਨਿਰੀਖਣ ਕੀਤਾ। ਦਸੰਬਰ 2015 ਤੱਕ ਰਿਪੋਰਟ 'ਤੇ ਕੁਝ ਇਤਰਾਜ਼ ਦਰਜ ਕਰਵਾਏ ਗਏ। ਕਮੀਆਂ ਦੂਰ ਕਰਨ 'ਤੇ ਆਖਰ ਮਈ 2016 ਵਿੱਚ ਵਰਲਡ ਹੈਰੀਟੇਜ਼ ਕਮੇਟੀ ਨੂੰ ਰਿਪੋਰਟ ਭੇਜ ਕੇ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਦੀ ਸਿਫਾਰਸ਼ ਕਰ ਦਿੱਤੀ ਗਈ ਸੀ।
ਸੇਤੀਆ ਮੁਤਾਬਕ ਵਰਲਡ ਹੈਰੀਟੇਜ਼ ਦੀ 21 ਮੈਂਬਰੀ ਕਮੇਟੀ ਨੇ ਇਹ ਫੈਸਲਾ ਲੈਣਾ ਸੀ। ਭਾਰਤ ਪਿਛਲੇ ਸਾਲ ਤੱਕ ਤਾਂ ਇਸ ਕਮੇਟੀ ਦਾ ਹਿੱਸਾ ਸੀ ਪਰ 10 ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਇਸ ਵਾਰ ਭਾਰਤ ਇਸ ਕਮੇਟੀ ਦਾ ਮੈਂਬਰ ਨਹੀਂ ਸੀ। ਚੰਡੀਗੜ੍ਹ ਦੀ ਇਸ ਇਮਾਰਤ ਲਈ ਡੋਜ਼ੀਅਰ ਵੀ ਭਾਰਤ ਦੀ ਥਾਂ ਫਰਾਂਸ ਨੇ ਦਿੱਤੀ ਸੀ। ਸਭ ਕਾਰਵਾਈਆਂ ਦੇ ਬਾਅਦ ਆਖਰ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਦਾ ਨਾਮ ਇਤਿਹਾਸ ਵਿੱਚ ਦਰਜ ਹੋ ਗਿਆ ਹੈ। ਇਸ ਦੇ ਨਾਲ ਹੁਣ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਏਗਾ। ਚੰਡੀਗੜ੍ਹ ਨੂੰ ਵਿਸ਼ਵ ਪੱਧਰੀ ਮਾਣ ਵੀ ਮਿਲੇਗਾ।
ਇਤਿਹਾਸਕ ਦਰਜਾ ਮਿਲਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਕੈਪੀਟਲ ਕੰਪਲੈਕਸ ਦੀਆਂ ਸਾਰੀਆਂ ਕਮੀਆਂ ਦੂਰ ਕਰਨ ਦੀ ਤਿਆਰੀ ਵਿੱਚ ਹੈ। ਇਸੇ ਤਹਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਜੱਜਾਂ ਦੀਆਂ ਗੱਡੀਆਂ ਦੀ ਕੀਤੀ ਜਾਂਦੀ ਪਾਰਕਿੰਗ ਨੂੰ ਹਟਾਉਣਾ ਵੀ ਮੁੱਖ ਹੈ। ਇਸ ਤੋਂ ਇਲਾਵਾ ਅਧੂਰੀਆਂ ਇਮਾਰਤਾਂ ਦਾ ਨਿਰਮਾਣ ਵੀ ਕੀਤਾ ਜਾਣਾ ਹੈ।