ਚੰਡੀਗੜ੍ਹ: ਕੈਪਟਨ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਵਜੋਂ ਮੁੜ ਤੋਂ ਨਿਯੁਕਤ ਕਰ ਦਿੱਤਾ ਹੈ। ਬੀਤੇ ਕੱਲ੍ਹ ਸਰਕਾਰ ਨੇ ਸੰਤ ਸੀਚੇਵਾਲ ਨੂੰ ਵਾਤਾਵਰਨ ਚਿੰਤਕਾਂ ਦੇ ਪੈਨਲ ਵਿੱਚੋਂ ਹਟਾ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਸੀ। ਪਰ ਹੁਣ ਇਹ ਦੋਵੇਂ ਵੱਡੇ ਵਾਤਾਵਰਨ ਪ੍ਰੇਮੀ ਬੋਰਡ ਵਿੱਚ ਸ਼ਾਮਲ ਹੋਣਗੇ।
ਸਬੰਧਤ ਖ਼ਬਰ: ਸੀਚੇਵਾਲ ਨੂੰ ਹਟਾ ਕੇ ਘਿਰੀ ਕੈਪਟਨ ਸਰਕਾਰ
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਜਾਬ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੀਪੀਸੀਬੀ ਦੀ ਮੈਂਬਰੀ ਖੋਹ ਲਈ ਸੀ। ਦਰਿਆਵਾਂ ਨੂੰ ਪਲੀਤ ਕਰਨ ਬਦਲੇ 50 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਣ ਦੀ ਮੁੱਖ ਵਜ੍ਹਾ ਕਰਕੇ ਵਾਤਾਵਰਨ ਪ੍ਰੇਮੀ ਨੂੰ ਪੰਜਾਬ ਸਰਕਾਰ ਵੱਲੋਂ ਅਹੁਦਿਓਂ ਮੁਕਤ ਕੀਤਾ ਗਿਆ ਸਮਝਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੀ ਕਾਰਵਾਈ ਮਗਰੋਂ ਸੀਚੇਵਾਲ ਨੇ ਖੋਲ੍ਹੇ ਕਈ ਰਾਜ਼ !
ਇਸ ਤੋਂ ਇਲਾਵਾ ਸੰਤ ਸੀਚੇਵਾਲ ਨੇ ਵੀ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੌਜੂਦਾ ਵਾਤਾਵਰਨ ਖ਼ਤਰਿਆਂ ਬਾਰੇ ਖੁਲਾਸਾ ਕੀਤਾ ਸੀ, ਜੋ ਕਾਫੀ ਹੈਰਾਨੀਜਨਕ ਹਨ। ਹੁਣ ਕੈਪਟਨ ਸਰਕਾਰ ਸੰਭਲ ਗਈ ਹੈ ਅਤੇ ਪੀਪੀਸੀਬੀ ਬੋਰਡ ਦੇ 18 ਮੈਂਬਰਾਂ ਵਿੱਚੋਂ ਇੱਕ ਚੇਅਰਮੈਨ, ਪੰਜ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰ, ਪੰਜ ਸਥਾਨਕ ਨੁਮਾਇੰਦੇ, ਚਾਰ ਸਨਅਤਕਾਰਾਂ ਦੇ ਨੁਮਾਇੰਦੇ ਅਤੇ ਦੋ ਕਾਰਪੋਰੇਸ਼ਨਾਂ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਬਾਬਾ ਸੇਵਾ ਸਿੰਘ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਸ਼ਾਮਲ ਹੋਣਗੇ। ਸੀਚੇਵਾਲ ਕਾਲੀ ਵੇਈਂ ਦੀ ਸਫ਼ਾਈ ਅਤੇ ਬਾਬਾ ਸੇਵਾ ਸਿੰਘ ਨੂੰ ਸੜਕਾਂ ਕੰਢੇ ਰੁੱਖ ਲਾਉਣ ਕਰਕੇ ਜਾਣਿਆ ਜਾਂਦਾ ਹੈ।