ਅੱਜ ਰਿਟਾਇਰ ਹੋ ਰਹੇ ਮੁੱਖ ਸਕੱਤਰ ਵੀਕੇ ਜੰਜੂਆ, ਅਨੁਰਾਗ ਵਰਮਾ ਮੁੱਖ ਸਕੱਤਰ ਵਜੋਂ ਸਾਂਭਣਗੇ ਅਹੁਦਾ
ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ
Punjab News: ਪੰਜਾਬ ਦੇ ਮੌਜੂਦਾ ਮੁੱਖ ਸਕੱਤਰ ਵੀਕੇ ਜੰਜੂਆ ਅੱਜ ਸੇਵਾਮੁਕਤ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਈਏਐਸ ਵੀਕੇ ਜੰਜੂਆ ਨੂੰ ਯੂਪੀਐਸਸੀ ਤੋਂ ਐਕਸਟੈਂਸ਼ਨ ਮਿਲਣ ਦੀ ਉਮੀਦ ਨਹੀਂ ਸੀ। ਇਸੇ ਲਈ ਉਨ੍ਹਾਂ ਨੇ PPSC ਚੇਅਰਮੈਨ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਦੀ ਦੌੜ ਵਿੱਚ ਆਈਏਐਸ ਕੇਏਪੀ ਸਿਨਹਾ ਦਾ ਨਾਂ ਵੀ ਸ਼ਾਮਲ ਸੀ। ਪਰ ਪੰਜਾਬ ਸਰਕਾਰ ਨੇ ਅਨੁਰਾਗ ਵਰਮਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਚੇਅਰਮੈਨ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਅੱਜ ਵੀਕੇ ਜੰਜੂਆ ਦੀ ਸੇਵਾਮੁਕਤੀ ਦੀ ਤਰੀਕ ਹੈ। ਪਰ ਇਸ ਤੋਂ ਪਹਿਲਾਂ ਉਹ ਆਪਣੇ ਸਾਰੇ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਸਮੇਤ ਸਾਰੀਆਂ ਮੀਟਿੰਗਾਂ ਕਰ ਚੁੱਕੇ ਹਨ।
ਕੌਣ ਹਨ ਅਨੁਰਾਗ ਵਰਮਾ
ਪਟਿਆਲਾ ਵਿਖੇ ਅਧਿਆਪਕ ਪਰਿਵਾਰ ਵਿੱਚ ਜਨਮੇ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ.ਏ.ਐਸ.) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵੇਂ ਸਥਾਨ ਉਤੇ ਆਏ ਸਨ।
ਕਿਹੜੇ ਵਿਭਾਗਾਂ 'ਚ ਦੇ ਚੁੱਕੇ ਸੇਵਾਵਾਂ
ਫੀਲਡ ਪੋਸਟਿੰਗ ਦੌਰਾਨ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਬਿਹਤਰ ਤੇ ਕੁਸ਼ਲ ਭਰਪੂਰ ਸੇਵਾਵਾਂ ਨਿਭਾਉਣ ਉਪਰੰਤ ਵਰਮਾ ਨੇ ਹੈਡਕੁਆਟਰ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਸਕੱਤਰ ਮਾਲ ਵਜੋਂ ਸੂਬੇ ਵਿੱਚ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਅਤੇ ਫਰਦ ਕੇਂਦਰਾਂ ਦੀ ਸ਼ੁਰੂਆਤ ਦੀ ਨਿਵੇਕਲੀ ਪਹਿਲ ਕੀਤੀ। ਆਬਕਾਰੀ ਤੇ ਕਰ ਕਮਿਸ਼ਨਰ ਦੇ ਅਹੁਦੇ ਉਤੇ ਰਹਿੰਦਿਆਂ ਆਪਣੀ ਕਾਰਜ ਕੁਸ਼ਲਤਾ ਸਦਕਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਲਈ ਕਰ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੁਖਾਲਾ ਤੇ ਪਾਰਦਰਸ਼ੀ ਬਣਾਇਆ। ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਰਹਿੰਦਿਆਂ ਜਿੱਥੇ ਮਗਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਉਥੇ ਸੂਬੇ ਦੇ 1000 ਤੋਂ ਵੱਧ ਪਿੰਡਾਂ ਵਿੱਚ ਖੇਡ ਮੈਦਾਨ ਤੇ ਖੇਡ ਪਾਰਕ ਉਸਾਰ ਕੇ ਸਿਹਤਮੰਦ ਮਾਹੌਲ ਸਿਰਜਿਆ।