Punjab News: ਦੇਸ਼ ਦੇ ਚੀਫ਼ ਜਸਟਿਸ ਐਨਵੀ ਰਮਨਾ ਅੱਜਕੱਲ੍ਹ ਪੰਜਾਬ ਦੇ ਦੌਰੇ 'ਤੇ ਹਨ। ਅਜਿਹਾ ਨਹੀਂ ਹੋ ਸਕਦਾ ਜਦੋਂ ਪੰਜਾਬ ਦੀ ਗੱਲ ਹੋਵੇ ਤੇ ਖਾਣ-ਪੀਣ ਦੀ ਗੱਲ ਨਾ ਹੋਵੇ। ਚੀਫ਼ ਜਸਟਿਸ ਨੇ ਪੰਜਾਬ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਦੇ ਮਸ਼ਹੂਰ ਢਾਬੇ ਦਾ ਵੀ ਦੌਰਾ ਕੀਤਾ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸਥਾਨਕ ਲੋਕਾਂ ਦੀ ਸਲਾਹ 'ਤੇ ਉਹ ਆਪਣੇ ਪਰਿਵਾਰ ਸਮੇਤ ਮਸ਼ਹੂਰ ਕਾਨ੍ਹਾ ਢਾਬੇ 'ਤੇ ਨਾਸ਼ਤਾ ਕਰਨ ਲਈ ਗਏ ਸੀ। ਚੀਫ਼ ਜਸਟਿਸ ਢਾਬੇ 'ਤੇ ਗੁਬਾਰੇ ਵਰਗੇ ਭਟੂਰਿਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਆਪਣੀ ਜੇਬ 'ਚੋਂ ਫ਼ੋਨ ਕੱਢ ਕੇ ਭਟੂਰਿਆਂ ਦੀ ਪੂਰੀ ਥਾਲੀ ਨਾਲ ਫੋਟੋਆਂ ਖਿਚਵਾਉਣ ਲੱਗੇ।
ਦੱਸ ਦਈਏ ਕਿ ਚੀਫ਼ ਜਸਟਿਸ ਪੰਜਾਬ ਦੇ ਦੌਰੇ ਲਈ ਬੁੱਧਵਾਰ (13 ਅਪ੍ਰੈਲ) ਨੂੰ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸੀ। ਉਨ੍ਹਾਂ ਦਾ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਚੀਫ਼ ਜਸਟਿਸ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਵਾਗਤ ਕਰਦੀ ਹੈ।
ਚੀਫ਼ ਜਸਟਿਸ ਪਹਿਲੀ ਵਾਰ ਪੰਜਾਬ ਪੁੱਜੇ ਜਿੱਥੇ ਉਨ੍ਹਾਂ ਨੇ ਸੂਬੇ ਦੇ ਸੈਰ ਸਪਾਟਾ ਸਥਾਨਾਂ ਦਾ ਦੌਰਾ ਵੀ ਕੀਤਾ। ਸਭ ਤੋਂ ਪਹਿਲਾਂ ਉਹ ਵਿਸਾਖੀ ਮੌਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਜਿੱਥੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ (ਸਿੱਖ ਸੰਗਤ) ਵੱਲੋਂ ਸਿਰੋਪਾਓ ਅਤੇ ਹਰਿਮੰਦਰ ਸਾਹਿਬ ਦਾ ਚਿੰਨ੍ਹ ਭੇਟ ਕੀਤਾ ਗਿਆ। ਇਸ ਫੇਰੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਚੀਫ਼ ਜਸਟਿਸ ਨੇ ਕਿਹਾ, "ਸਭ ਨੂੰ ਵਿਸਾਖੀ ਦੀਆਂ ਮੁਬਾਰਕਾਂ ਤੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਪੂਰੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਮੇਰੀ ਸਾਰੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋਇਆ।" ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸੀ।
ਜਿਸ ਤੋਂ ਬਾਅਦ ਚੀਫ਼ ਜਸਟਿਸ ਐਨਵੀ ਰਮਨਾ ਨੇ ਸੀਮਾ ਸੁਰੱਖਿਆ ਬਲ ਦੇ ਮਿਊਜ਼ੀਅਮ ਅਤੇ ਅਟਾਰੀ-ਵਾਹਗਾ ਸਰਹੱਦ ਦਾ ਵੀ ਦੌਰਾ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਬੀਟਿੰਗ ਰੀਟਰੀਟ ਸੈਰੇਮਨੀ 'ਚ ਸ਼ਿਰਕਤ ਕੀਤੀ। ਬੁੱਧਵਾਰ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ ਸਾਕੇ ਦੀ 103ਵੀਂ ਵਰ੍ਹੇਗੰਢ ਮੌਕੇ ਚੀਫ਼ ਜਸਟਿਸ ਸ਼ਰਧਾਂਜਲੀ ਦੇਣ ਲਈ ਜਲਿਆਂਵਾਲਾ ਸ਼ਹੀਦ ਸਮਾਰਕ ਪੁੱਜੇ।
ਇਹ ਵੀ ਪੜ੍ਹੋ: ਦੇਸ਼ 'ਚ ਕੋਲਾ ਸੰਕਟ! ਕੋਲੇ ਦੀ ਕਮੀ ਨੂੰ ਲੈ ਕੇ ਕੇਂਦਰ ਨੇ ਮੰਨੀ ਇਹ ਗੱਲ, ਇਨ੍ਹਾਂ ਸੂਬਿਆਂ 'ਚ ਹੋ ਸਕਦਾ ਬਿਜਲੀ ਸੰਕਟ